ਚੰਡੀਗੜ੍ਹ: ਮਿੰਨੀ ਸਕੱਤਰੇਤ ਦੀ ਛੱਤ 'ਤੇ ਚੜ੍ਹ ਕੇ ਧਰਨਾ ਦੇ ਰਹੇ ਈ.ਟੀ.ਟੀ. ਅਧਿਆਪਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਦੋ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਮਿੰਨੀ ਸਕੱਤਰੇਤ ਦੀ ਛੱਤ ਤੇ ਚੜ੍ਹ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਜਦਕਿ 30 ਦੇ ਕਰੀਬ ਅਧਿਆਪਕਾਂ ਵੱਲੋਂ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਅਧਿਆਪਕਾਂ ਵੱਲੋਂ ਪੱਕੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ 150 ਦਿਨਾਂ ਤੋਂ ਈ.ਟੀ.ਟੀ. ਅਧਿਆਪਕਾਂ ਵੱਲੋਂ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੰਗਾਂ ਨਾਲ ਮੰਨੇ ਜਾਣ ਦੇ ਚੱਲਦੇ ਅੱਜ ਇਨ੍ਹਾਂ ਅਧਿਆਪਕਾਂ ਨੇ ਚੰਡੀਗੜ੍ਹ ਦਾ ਰੁਖ ਕੀਤਾ। ਕੁਝ ਅਧਿਆਪਕਾਂ ਵੱਲੋਂ ਸੀ.ਐਮ. ਦੇ ਘਰ ਦਾ ਘਿਰਾਓ ਕੀਤਾ ਗਿਆ ਤੇ ਦੋ ਅਧਿਆਪਕਾਂ ਨੇ ਮਿੰਨੀ ਸਕੱਤਰੇਤ ਦੀ ਛਤ 'ਤੇ ਚੜ੍ਹ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇੱਕ ਘੰਟੇ ਦੇ ਅੰਦਰ ਪੁਲਿਸ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਧਿਆਪਕ ਜਥੇਬੰਦੀ ਦੇ ਸੂਬਾ ਪ੍ਰਧਾਨ ਅਮਰਜੀਤ ਕੰਬੋਜ ਨੇ ਕਿਹਾ ਕਿ ਜੇਕਰ ਅਧਿਆਪਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਪੰਜਾਬ ਸਰਕਾਰ ਇਸ ਦੀ ਜ਼ਿੰਮੇਦਾਰ ਹੋਵੇਗੀ। ਉਨ੍ਹਾਂ ਐਲਾਨ ਕੀਤਾ ਕਿ ਮੰਗਾਂ ਨਾ ਮੰਨਣ ਜਾਣ 'ਤੇ ਸੰਘਰਸ਼ ਹੋਰ ਵੀ ਤੇਜ਼ ਹੋਵੇਗਾ।