Punjab News: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿੱਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ ਦੀ ਹੌਸਲਾ ਅਫ਼ਜ਼ਾਈ ਕਰਨ ਅਤੇ ਉਹਨਾਂ ਦੇ ਹੁਨਰ ਨੂੰ ਤਰਾਸ਼ਣ ਅਤੇ ਆਮ ਲੋਕਾਂ ਤੱਕ ਪਹੁੰਚਾਉਣ ਲਈ ਨਿਵੇਕਲੇ ਉਪਰਾਲੇ ਕੀਤੇ ਜਾ ਰਹੇ ਹਨ।


ਇਸੇ ਲੜੀ ਤਹਿਤ ਪ੍ਰਮੁੱਖ ਸਿੱਖਿਆ ਸਕੱਤਰ ਜਸਪ੍ਰੀਤ ਤਲਵਾੜ ਆਈ.ਏ.ਐੱਸ. ਦੀ ਅਗਵਾਈ ਅਤੇ ਵਰਿੰਦਰ ਕੁਮਾਰ ਸ਼ਰਮਾ ਵਿਸ਼ੇਸ਼ ਸਕੱਤਰ-ਕਮ-ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਰਾਜ ਪੱਧਰੀ ਅਧਿਆਪਕ ਫੈਸਟ 2022 ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਕਰਵਾਇਆ ਗਿਆ।


ਇਸ ਅਧਿਆਪਕ ਫ਼ੈਸਟ ਵਿੱਚ ਪੰਜਾਬ ਦੇ ਸਮੂਹ ਜ਼ਿਲਿ੍ਹਆਂ ਤੋਂ 10 ਵਿਸ਼ਿਆਂ ਦੀ ਇੱਕ-ਇੱਕ ਟੀਮ ਨੇ ਆਪਣੇ-ਆਪਣੇ ਜ਼ਿਲ੍ਹੇ ਦੀ ਪ੍ਰਤੀਨਿਧਤਾ ਕੀਤੀ। ਲਗਭਗ 250 ਅਧਿਆਪਕਾਂ ਨੇ ਭਾਗ ਲਿਆ ਅਤੇ ਇਸਦੀ ਮੇਜ਼ਬਾਨੀ ਸੁਸ਼ੀਲ ਨਾਥ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫਤਹਿਗੜ੍ਹ ਸਾਹਿਬ ਅਤੇ ਡਾ. ਆਨੰਦ ਗੁਪਤਾ ਪ੍ਰਿੰਸੀਪਲ ਡਾਇਟ ਫਤਹਿਗੜ੍ਹ ਸਾਹਿਬ ਦੀ ਸਮੁੱਚੀ ਟੀਮ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ।


ਅਧਿਆਪਕ ਫੈਸਟ ਦੇ ਤੀਜੇ ਦਿਨ ਅਤੇ ਅੰਤਿਮ ਦਿਨ ਮੁਕਾਬਲਿਆਂ ਵਿੱਚ ਜੇਤੂ ਅਧਿਆਪਕਾਂ ਨੂੰ ਇਨਾਮ ਵੰਡਣ ਲਈ ਮੁੱਖ ਮਹਿਮਾਨ ਵੱਜੋਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪਹੁੰਚੇ। ਉਹਨਾਂ ਨਾਲ ਹਲਕਾ ਫਤਹਿਗੜ੍ਹ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੀ ਮੌਜੂਦ ਸਨ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪੰਜਾਬ ਪੁਲਿਸ ਵੱਲੋਂ ਮਾਰਚ ਪਾਸਟ ਕਰਕੇ ਸਲਾਮੀ ਦਿੱਤੀ ਗਈ।


ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਡਾ. ਮਨਿੰਦਰ ਸਿੰਘ ਸਰਕਾਰੀਆ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਜੀ ਆਇਆਂ ਕੀਤਾ ਅਤੇ ਟੀਚਰ ਫੈਸਟ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ। ਇਨਾਮ ਵੰਡ ਸਮਾਰੋਹ ਤੋਂ ਪਹਿਲਾਂ ਸਿੱਖਿਆ ਮੰਤਰੀ ਸ੍ਰੀ ਬੈਂਸ ਨੇ ਸਿੱਖਣ-ਸਿਖਾਉਣ ਸਮੱਗਰੀ ਦਾ ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ ਨਾਲ ਉਹਨਾਂ ਦੀ ਸਟਾਲ ‘ਤੇ ਜਾ ਕੇ ਉਹਨਾਂ ਵੱਲੋਂ ਨਿਵੇਕਲੇ ਢੰਗ ਨਾਲ ਤਿਆਰ ਕੀਤੇ ਮਾਡਲਾਂ ਨੂੰ ਦੇਖਿਆ ਅਤੇ ਉਹਨਾਂ ਦੀਆਂ ਗੱਲਾਂ ਨੂੰ ਸੁਣਿਆ।


ਇਨਾਮ ਵੰਡ ਸਮਾਰੋਹ ਸਮੇਂ ਉਹਨਾਂ ਸਮੂਹ ਅਧਿਆਪਕਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਆਡੀਟੋਰੀਅਮ ਵਿਖੇ ਸੰਬੋਧਿਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਸਿੱਖਿਆ ਨੂੰ ਪ੍ਰਮੁੱਖਤਾ ਦੇ ਰਹੀ ਹੈ। ਪੰਜਾਬ ਦੇ ਸਿੱਖਿਆ ਮਾਡਲ ਨੂੰ ਸਿਖ਼ਰਾਂ ‘ਤੇ ਲਿਜਾਉਣ ਲਈ ਆਉਣ ਵਾਲੇ ਸਮੇਂ ਵਿੱਚ ਸਾਡੇ ਅਧਿਆਪਕ ਅਤੇ ਸਕੂਲ ਮੁਖੀ ਇੱਕ ਮਜ਼ਬੂਤ ਕੜੀ ਹੋਣਗੇ।


ਉਹਨਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ 100 ਸਕੂਲ ਆਫ਼ ਐਮੀਨੈਂਸ ਬਣਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਉਹ ਕੇਵਲ ਸਿੱਖਿਆ ਮੰਤਰੀ ਹੀ ਨਹੀਂ ਹਨ ਸਗੋਂ ਅਧਿਆਪਕਾਂ ਅਤੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਦੇ ਇੱਕ ਵਕੀਲ ਵੱਜੋਂ ਕੰਮ ਕਰ ਰਹੇ ਹਨ। ਇਸ ਲਈ ਉਹ ਵੀ ਸਮੂਹ ਸਕੂਲ ਅਧਿਆਪਕਾਂ, ਸਕੂਲ ਮੁਖੀਆਂ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਹਰ ਸੰਭਵ ਸਹਿਯੋਗ ਲਈ ਆਸਵੰਦ ਹਨ।


ਇਸ ਮੌਕੇ ਉਹਨਾਂ ਨੇ ਟੀਚਰ ਫੈਸਟ ਵਿੱਚ ਭਾਗ ਲੈਣ ਵਾਲੇ ਅਧਿਆਪਕਾਂ ਅਤੇ ਡਿਊਟੀ ਦੇ ਰਹੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਲਈ 19 ਨਵੰਬਰ ਦੀ ਛੁੱਟੀ ਦਾ ਐਲਾਨ ਵੀ ਕੀਤਾ। ਇਸ ਮੌਕੇ ਉਹਨਾਂ ਟੀਚਰ ਫੈਸਟ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੇ ਵੱਖ-ਵੱਖ ਜ਼ਿਲਿ੍ਹਆਂ ਦੇ ਨੁਮਾਇੰਦਗੀ ਕਰ ਰਹੇ ਅਧਿਆਪਕਾਂ, ਟੀਚਰ ਫੈਸਟ ਦੀ ਤਿਆਰ ਅਤੇ ਆਯੋਜਨ ਵਿੱਚ ਸਹਿਯੋਗ ਦੇਣ ਵਾਲੇ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ।


ਸਿੱਖਿਆ ਮੰਤਰੀ ਬੈਂਸ ਨੇ ਡਾਇਟ ਫਤਹਿਗੜ੍ਹ ਸਾਹਿਬ ਦੇ ਵਿਦਿਆਰਥੀਆਂ ਵੱਲੋਂ ਟੀਚਰ ਫੈਸਟ ਵਿੱਚ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਲਈ ਵੀ ਸਿਖਿਆਰਥੀਆਂ ਦੀ ਸਰਾਹਨਾ ਕੀਤੀ ਅਤੇ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਨਵਾਜਿਆ।


ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਮਨੁੱਖ ਦਾ ਗਹਿਣਾ ਹੈ ਜਿਸ ਨੂੰ ਨਾ ਤਾਂ ਕੋਈ ਖੋਹ ਸਕਦਾ ਹੈ ਨਾ ਚੋਰੀ ਕਰ ਸਕਦਾ ਹੈ। ਇਹ ਵੰਡਣ ਨਾਲ ਵਧਦੀ ਹੈ। ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ।


ਇਸ ਟੀਚਰ ਫੈਸਟ ਦੇ ਮੁਕਾਬਲਿਆਂ ਦਾ ਨਤੀਜਾ ਵੀ ਘੋਸ਼ਿਤ ਕੀਤਾ ਗਿਆ। ਸਮਾਜਿਕ ਸਿੱਖਿਆ ਵਿੱਚ ਗੁਰਦਾਸਪੁਰ ਨੂੰ ਪਹਿਲਾ, ਫਤਹਿਗੜ੍ਹ ਸਾਹਿਬ ਨੂੰ ਦੂਜਾ ਅਤੇ ਸ੍ਰੀ ਮੁਕਤਸਰ ਸਾਹਿਬ ਨੂੰ ਤੀਜਾ ਸਥਾਨ ਮਿਲਿਆ। ਕੰਪਿਊਟਰ ਸਿੱਖਿਆ ਵਿੱਚ ਫਤਹਿਗੜ੍ਹ ਸਾਹਿਬ ਨੂੰ ਪਹਿਲਾ, ਮਲੇਰਕੋਟਲਾ ਨੂੰ ਦੂਜਾ ਅਤੇ ਜਲੰਧਰ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ। ਸਰੀਰਕ ਸਿੱਖਿਆ ਵਿੱਚ ਮਲੇਰਕੋਟਲਾ ਪਹਿਲੇ ਸਥਾਨ ਤੇ, ਬਰਨਾਲਾ ਦੂਜੇ ਸਥਾਨ ‘ਤੇ ਅਤੇ ਪਠਾਨਕੋਟ ਤੀਜੇ ਸਥਾਨ ‘ਤੇ ਰਿਹਾ।


ਸਾਇੰਸ ਵਿਸ਼ੇ ਵਿੱਚ ਪਹਿਲੇ ਸਥਾਨ ‘ਤੇ ਬਰਨਾਲਾ, ਦੂਜੇ ਸਥਾਨ ‘ਤੇ ਲੁਧਿਆਣਾ ਅਤੇ ਤੀਜੇ ਸਥਾਨ ‘ਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਾ ਰਿਹਾ। ਪੰਜਾਬੀ ਵਿਸ਼ੇ ਵਿੱਚ ਪਹਿਲਾ ਸਥਾਨ ਅੰਮ੍ਰਿਤਸਰ, ਦੂਜਾ ਸਥਾਨ ਲੁਧਿਆਣਾ ਅਤੇ ਤੀਜਾ ਸਥਾਨ ਗੁਰਦਾਸਪੁਰ ਜ਼ਿਲ੍ਹੇ ਦਾ ਰਿਹਾ। ਆਰਟਸ ਐਂਡ ਕਰਾਫਟ ਅਤੇ ਫਾਈਨ ਆਰਟਸ ਵੰਨਗੀ ਵਿੱਚ ਪਹਿਲਾ ਸਥਾਨ ਸੰਗਰੂਰ ਜ਼ਿਲ੍ਹੇ ਨੂੰ ਦੂਜਾ ਜਲੰਧਰ ਜ਼ਿਲ੍ਹੇ ਨੂੰ ਅਤੇ ਤੀਜਾ ਸਥਾਨ ਫਾਜ਼ਿਲਕਾ ਨੂੰ ਮਿਲਿਆ।


ਅੰਗਰੇਜ਼ੀ ਵਿਸ਼ੇ ਵਿੱਚ ਜਲੰਧਰ ਪਹਿਲੇ ਸਥਾਨ ‘ਤੇ, ਲੁਧਿਆਣਾ ਦੂਜੇ ਸਥਾਨ ‘ਤੇ ਅਤੇ ਮੋਗਾ ਤੀਜੇ ਸਥਾਨ ‘ਤੇ ਰਿਹਾ। ਗਣਿਤ ਵਿਸ਼ੇ ਵਿੱਚ ਪਹਿਲਾ ਸਥਾਨ ਲੁਧਿਆਣਾ, ਦੂਜਾ ਸਥਾਨ ਸ੍ਰੀ ਮੁਕਤਸਰ ਸਾਹਿਬ ਅਤੇ ਤੀਜਾ ਸਥਾਨ ਬਠਿੰਡਾ ਨੂੰ ਮਿਲਿਆ। ਹਿੰਦੀ ਵਿੱਚ ਤਰਨਤਾਰਨ ਜ਼ਿਲ੍ਹਾ ਪਹਿਲੇ ਸਥਾਨ ‘ਤੇ, ਐੱਸ.ਏ.ਐੱਸ. ਨਗਰ ਦੂਜੇ ਸਥਾਨ ‘ਤੇ ਅਤੇ ਤੀਜਾ ਸਥਾਨ ਤੇ ਗੁਰਦਾਸਪੁਰ ਰਿਹਾ।


ਵਿਸ਼ੇਸ਼ ਵੰਨਗੀਆਂ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਗੁਰਦਾਸਪੁਰ ਪਹਿਲੇ, ਬਰਨਾਲਾ ਦੂਜੇ ਅਤੇ ਮੋਗਾ ਤੀਜੇ ਸਥਾਨ ‘ਤੇ ਰਿਹਾ। ਸਮਾਗਮ ਦਾ ਸਮਾਪਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿਦਗੜ੍ਹ ਦੀਆਂ ਵਿਦਿਆਰਥਣਾਂ ਨੇ ਪਿੰਜਾਬੀ ਸੱਭਿਆਚਾਰ ਦੀ ਝਲਕ ਲੋਕ ਨਾਚ ਗਿੱਧਾ ਪੇਸ਼ ਕਰਕੇ ਕੀਤਾ।