ਪਟਿਆਲਾ: ਨੌਕਰੀ ਪੱਕੀ ਕਰਨ ਦੇ ਏਵਜ਼ ਵਿੱਚ ਤਨਖ਼ਾਹਾਂ ਵਿੱਚ ਕਟੌਤੀ ਕਰਨ ਦਾ ਲਗਾਤਾਰ ਵਿਰੋਧ ਕਰ ਰਹੇ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਜੱਦੀ ਸ਼ਹਿਰ ਵਿੱਚ ਜ਼ੋਰਦਾ ਹਮਲਾ ਬੋਲਿਆ ਹੈ। ਮਰਨ ਵਰਤ 'ਤੇ ਬੈਠੇ ਠੇਕਾ ਆਧਾਰਤ ਅਧਿਆਪਕਾਂ ਨੂੰ ਅੱਜ ਹੋਰਨਾਂ ਅਧਿਆਪਕ ਜਥੇਬੰਦੀਆਂ ਦਾ ਸਾਥ ਵੀ ਮਿਲਿਆ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਪਰਿਵਾਰਾਂ ਤੇ ਬੱਚਿਆਂ ਦੇ ਨਾਲ-ਨਾਲ ਵਿਦਿਆਰਥੀਆਂ ਸਮੇਤ ਇਕੱਠੇ ਹੋਏ ਅਧਿਆਪਕਾਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਸਾਂਝਾ ਮੋਰਚਾ ਅਧਿਆਪਕ ਯੂਨੀਅਨ ਦੇ ਬੈਨਰ ਹੇਠ ਅਧਿਆਪਕਾਂ ਦੇ ਵੱਡੇ ਰੋਸ ਮਾਰਚ ਨੇ ਹਲਚਲ ਮਚਾ ਦਿੱਤੀ ਹੈ। ਪਟਿਆਲਾ ਸ਼ਹਿਰ ਦੀਆਂ ਸੜਕਾਂ 'ਤੇ ਅਧਿਆਪਕ ਹੀ ਅਧਿਆਪਕ ਵਿਖਾਈ ਦੇ ਰਹੇ ਹਨ। ਅਧਿਆਪਕਾਂ ਨੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਫੁਹਾਰਾ ਚੌਕ ਤਕ ਮਾਰਚ ਕੀਤਾ ਤੇ ਸਰਕਾਰ ਵਿਰੁੱਧ ਜੰਮ ਕੇ ਭੜਾਸ ਕੱਢੀ। ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਦੇ ਮਹਿਲ ਤਕ ਆਪਣੀ ਆਵਾਜ਼ ਪਹੁੰਚਾ ਕੇ ਰਹਿਣਗੇ।



ਜ਼ਿਕਰਯੋਗ ਹੈ ਕਿ ਸਰਕਾਰ ਨੇ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ 42,800 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਲੈਣ ਵਾਲੇ ਕੇਂਦਰ ਵੱਲੋਂ ਸਹਾਇਤਾ ਪ੍ਰਾਪਤ ਐਸਐਸਏ, ਰਮਸਾ ਸਿੱਖਿਆ ਮੁਹਿੰਮਾਂ ਦੇ ਅਧਿਆਪਕਾਂ ਨੂੰ ਪੱਕਾ ਹੋਣ ਲਈ ਤਿੰਨ ਸਾਲਾਂ ਤਕ 15,000 ਰੁਪਏ ਪ੍ਰਤੀ ਮਹੀਨਾ ਸਵੀਕਾਰ ਕਰਨ ਦੀ ਸ਼ਰਤ ਦਾ ਦਿੱਤੀ ਸੀ। ਇਸ ਦਾ ਅਧਿਆਪਕ ਜ਼ਬਰਦਸਤ ਵਿਰੋਧ ਕਰ ਰਹੇ ਹਨ।

ਹਾਲਾਂਕਿ, ਸਿੱਖਿਆ ਮੰਤਰੀ ਤੇ ਹੋਰ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਅਧਿਆਪਕਾਂ ਦੀ ਸਹਿਮਤੀ ਤੋਂ ਬਾਅਦ ਹੀ ਇਹ ਫੈਸਲਾ ਕੀਤਾ ਸੀ, ਪਰ ਹੁਣ ਯੂਨੀਅਨ ਲੀਡਰ ਸਿਆਸਤ ਕਰ ਰਹੇ ਹਨ ਜਦਕਿ 90 ਫ਼ੀਸਦੀ ਅਧਿਆਪਕ ਰੈਗੂਲਰ ਹੋਣ ਲਈ ਤਿਆਰ ਹਨ। ਪਰ ਅੱਜ ਅਧਿਆਪਕਾਂ ਦੇ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਦਾ ਇਹ ਅੰਕੜਾ ਗ਼ਲਤ ਹੈ। ਐਸਐਸਏ ਰਮਸਾ ਦੇ ਤਕਰੀਬਨ ਸਾਰੇ ਹੀ ਅਧਿਆਪਕ ਸਰਕਾਰ ਦਾ ਵਿਰੋਧ ਕਰ ਰਹੇ ਹਨ ਅਤੇ ਹੁਣ ਹੋਰਨਾਂ ਅਧਿਆਪਕ ਯੂਨੀਅਨਾਂ ਨੇ ਵੀ ਇਸ ਲੜਾਈ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਹੈ।