ਅੰਮ੍ਰਿਤਸਰ: ਪੰਜਾਬ ਪੁਲਿਸ ਵੱਲੋਂ ਸ਼ਨੀਵਾਰ ਨੂੰ ਚੋਹਲਾ ਸਾਹਿਬ ਤੋਂ ਵੱਡੀ ਮਾਤਰਾ ਅਸਲੇ ਸਮੇਤ ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ 3 ਅਕਤੂਬਰ ਤੱਕ 10 ਦਿਨ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਸੰਗੀਨ ਕੇਸ ਦੀਆਂ ਸਾਰੀਆਂ ਪਰਤਾਂ ਖੋਲ੍ਹਣੀਆਂ ਜ਼ਰੂਰੀ ਹਨ। ਪੁਲਿਸ ਹੁਣ ਪਤਾ ਲਾਏਗੀ ਕਿ ਇਹ ਹਥਿਆਰ ਕਿੱਥੋਂ ਆਏ ਸੀ ਤੇ ਇਨ੍ਹਾਂ ਨਾਲ ਕਿਹੜੀ ਵਾਰਦਾਤ ਨੂੰ ਅੰਜ਼ਾਮ ਦੇਣਾ ਸੀ। ਉਂਝ ਮੁੱਢਲੀ ਜਾਂਚ ਵਿੱਚ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਗਰੁੱਪ ਪੰਜਾਬ ਤੇ ਨਾਲ ਲੱਗਦੇ ਸੂਬਿਆਂ ਵਿੱਚ ਹਮਲੇ ਕਰਨ ਦੀ ਸਾਜਿਸ਼ ਰਚ ਰਿਹਾ ਸੀ।

ਯਾਦ ਰਹੇ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਚੋਹਲਾ ਸਾਹਿਬ ਅਧੀਨ ਪੈਂਦੇ ਪਿੰਡ ਚੋਹਲਾ ਸਾਹਿਬ ਦੇ ਬਾਹਰਵਾਰ ਕਾਬੂ ਕੀਤਾ ਹੈ। ਉਹ ਸਫੇਦ ਰੰਗ ਦੀ ਮਾਰੂਤੀ ਸਵਿਫਟ ਕਾਰ ਨੰਬਰ ਪੀਬੀ 65 ਐਕਸ 8042 ਵਿੱਚ ਸਨ। ਗ੍ਰਿਫਤਾਰ ਵਿਅਕਤੀਆਂ ਦੀ ਸ਼ਨਾਖ਼ਤ ਬਲਵੰਤ ਸਿੰਘ ਉਰਫ ਬਾਬਾ ਉਰਫ ਨਿਹੰਗ, ਅਕਾਸ਼ਦੀਪ ਸਿੰਘ ਉਰਫ ਅਕਾਸ਼ ਰੰਧਾਵਾ, ਹਰਭਜਨ ਸਿੰਘ ਤੇ ਬਲਬੀਰ ਸਿੰਘ ਵਜੋਂ ਹੋਈ ਹੈ। ਅਕਾਸ਼ਦੀਪ ਤੇ ਬਾਬਾ ਬਲਵੰਤ ਸਿੰਘ ਦੋਵਾਂ ਦਾ ਅਪਰਾਧਿਕ ਪਿਛੋਕੜ ਹੈ। ਦੋਵਾਂ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।

ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਮਾਨ ਸਿੰਘ ਜੋ ਇਸ ਵੇਲੇ ਅਸਲਾ ਐਕਟ ਤੇ ਯੂਏਪੀਏ ਕੇਸ ਅਧੀਨ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ, ਨੇ ਗੁਰਮੀਤ ਸਿੰਘ ਉਰਫ ਬੱਗਾ ਦੇ ਕਹਿਣ ’ਤੇ ਅਕਾਸ਼ਦੀਪ ਸਿੰਘ ਨੂੰ ਭਰਤੀ ਕੀਤਾ ਸੀ ਜਦੋਂ ਦੋਵੇਂ ਅੰਮ੍ਰਿਤਸਰ ਜੇਲ੍ਹ ਵਿੱਚ ਇਕੱਠੇ ਬੰਦ ਸਨ। ਖੇਪ ਨੂੰ ਹਾਸਲ ਕਰਨ ਵਾਲਾ ਬਾਬਾ ਬਲਵੰਤ ਸਿੰਘ ਜੋ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੈਂਬਰ ਹੈ, ਪਹਿਲਾਂ ਵੀ ਯੂਏਪੀਏ ਤੇ ਅਸਲਾ ਐਕਟ ਅਧੀਨ ਪੁਲਿਸ ਥਾਣਾ ਮੁਕੰਦਪੁਰ (ਸ਼ਹੀਦ ਭਗਤ ਸਿੰਘ ਨਗਰ) ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਉਹ ਜ਼ਮਾਨਤ ਉਤੇ ਸੀ ਤੇ ਉਸ ਖਿਲਾਫ ਮੁਕੱਦਮਾ ਚੱਲ ਰਿਹਾ ਹੈ।

ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਪੁਲਿਸ ਥਾਣੇ ਵਿੱਚ 22 ਸਤੰਬਰ, 2019 ਨੂੰ ਯੂਏਪੀਏ, ਅਸਲਾ ਐਕਟ, ਵਿਸਫੋਕਟ ਪਦਾਰਥ ਐਕਟ ਤੇ ਆਈਪੀਸੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਐਫਆਈਆਰ 0013 ਦਰਜ ਕਰ ਲਈ ਗਈ ਹੈ। ਮੁਲਜ਼ਮਾਂ ਕੋਲੋਂ ਫੜੇ ਸਾਮਾਨ ਵਿੱਚ 5 ਏਕੇ-47 (ਸਮੇਤ 16 ਮੈਗਜ਼ੀਨ ਤੇ 472 ਗੋਲੀ ਸਿੱਕਾ), 4 ਚੀਨ ਦੀਆਂ ਬਣੀਆਂ .30 ਪਿਸਤੌਲਾਂ (ਸਮੇਤ 8 ਮੈਗਜ਼ੀਨ ਤੇ 72 ਗੋਲੀ ਸਿੱਕਾ), 9 ਹੈਂਡ ਗ੍ਰਨੇਡ, 5 ਸੈਟੇਲਾਈਟ ਫੋਨ ਸਮੇਤ ਸਾਰੇ ਸਾਧਨ, ਦੋ ਮੋਬਾਈਲ ਫੋਨ, ਦੋ ਵਾਈਰਲੈਸ ਸੈੱਟ ਤੇ 10 ਲੱਖ ਰੁਪਏ ਦੀ ਨਕਲੀ ਭਾਰਤੀ ਕਰੰਸੀ ਸ਼ਾਮਲ ਸੀ।