ਚੰਡੀਗੜ੍ਹ: ਕਸ਼ਮੀਰੀ ਅਤਿਵਾਦੀ ਜ਼ਾਕਿਰ ਮੂਸਾ ਨੇ ਸੁਰੱਖਿਆ ਏਜੰਸੀਆਂ ਨੂੰ ਵਾਹਣੇ ਪਾਇਆ ਹੋਇਆ ਹੈ। ਖੁਫੀਆ ਰਿਪੋਰਟਾਂ ਮੁਤਾਬਕ ਜ਼ਾਕਿਰ ਮੂਸਾ ਪੰਜਾਬ ਵਿੱਚ ਛੁਪਿਆ ਹੋਇਆ ਹੈ। ਪੁਲਿਸ ਤਿੰਨ ਦਿਨ ਤੋਂ ਦਿਨ-ਰਾਤ ਜ਼ਾਕਿਰ ਮੂਸਾ ਦੀ ਭਾਲ ਵਿੱਚ ਜੁਟੀ ਹੋਈ ਹੈ ਪਰ ਅਜੇ ਤੱਕ ਕੋਈ ਸੂਹ ਨਹੀਂ ਮਿਲੀ। ਜ਼ਾਕਿਰ ਮੂਸਾ ਦੇ ਪੰਜਾਬ ’ਚ ਹੋਣ ਦੀ ਖ਼ੁਫ਼ੀਆ ਸੂਹ ਮਿਲਣ ਮਗਰੋਂ ਪੰਜਾਬ ਪੁਲਿਸ ਤੇ ਰੇਲਵੇ ਪੁਲਿਸ ਵੱਲੋਂ ਵਿਸੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਇਸ ਕਰਕੇ ਆਮ ਲੋਕ ਵੀ ਪ੍ਰੇਸ਼ਾਨ ਹਨ। ਪੁਲਿਸ ਦੀਆਂ ਵੀ ਨੀਂਦਰਾਂ ਉਡੀਆਂ ਹੋਈਆਂ ਹਨ।
ਖੁਫੀਆ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀ ਜ਼ਾਕਿਰ ਮੂਸਾ ਇਨ੍ਹੀਂ ਦਿਨੀਂ ਪੰਜਾਬ ‘ਚ ਕਿਤੇ ਲੁੱਕਿਆ ਬੈਠਾ ਹੈ। ਉਹ ਆਪਣਾ ਹੁਲੀਆ ਬਦਲਦਾ ਰਹਿੰਦਾ ਹੈ। ਹੁਣ ਉਸ ਦੀ ਇੱਕ ਕਥਿਤ ਫੋਟੋ ਸਿੱਖ ਦੇ ਹੁਲੀਏ ‘ਚ ਵਾਇਰਲ ਹੋ ਰਹੀ ਹੈ ਜਿਸ ‘ਚ ਉਸ ਨੇ ਪੱਗ ਬੰਨ੍ਹੀ ਹੈ ਤੇ ਦਾੜ੍ਹੀ ਰੱਖੀ ਹੋਈ ਹੈ।
ਖੁਫੀਆ ਰਿਪੋਰਟਾਂ ਮੁਤਾਬਕ ਜ਼ਾਕਿਰ ਮੂਸਾ ਨੇ ਪੱਗ ਬੰਨ੍ਹ ਕੇ ਸਿੱਖ ਦਾ ਰੂਪ ਵਟਾਇਆ ਹੋਇਆ ਹੈ। ਇਸ ਕਰਕੇ ਸੁਰੱਖਿਆ ਫੋਰਸਾਂ ਵੱਲੋਂ ਉਸ ਦੇ ਪੋਸਟਰ ਵੀ ਲਾਏ ਗਏ ਹਨ। ਉਸ ਬਾਰੇ ਸੂਚਨਾ ਦੇਣ ਲਈ ਕਿਹਾ ਗਿਆ ਹੈ। ਮੂਸਾ ਦੇ ਅੰਮ੍ਰਿਤਸਰ ਬੈਲਟ ‘ਚ ਹੋਣ ਦੇ ਇਨਪੁਟ ਤੋਂ ਕੁਝ ਦਿਨ ਬਾਅਦ ਹੀ 18 ਨਵੰਬਰ, 2018 ਨੂੰ ਨਿਰੰਕਾਰੀ ਮਿਸ਼ਨ, ਅੰਮ੍ਰਿਤਸਰ ‘ਤੇ ਗ੍ਰੇਨੇਡ ਅਟੈਕ ਹੋਇਆ, ਜਿਸ ‘ਚ 3 ਲੋਕਾਂ ਦੀ ਮੌਤ ਤੇ 12 ਜ਼ਖ਼ਮੀ ਹੋ ਗਏ ਸੀ।