ਲਖਨਊ: ਉੱਤਰ ਪ੍ਰਦੇਸ਼ (ਯੂ.ਪੀ.) ਵਿੱਚ ਨਗਰ ਨਿਗਮ ਵੱਲੋਂ ਹੈਰਾਨ ਕਰਨ ਵਾਲਾ ਫੈਸਲਾ ਸਾਹਮਣੇ ਆਇਆ ਹੈ ਜਿਸ ਨਾਲ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ। ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ ਸੁਸ਼ੋਭਿਤ ਗੁਰਦੁਆਰਾ ਸਾਹਿਬ 'ਤੇ ਟੈਕਸ ਲਾਉਣ ਦਾ ਫੁਰਮਾਨ ਸੁਣਾਇਆ ਗਿਆ ਹੈ।


 

 

ਹਾਸਲ ਜਾਣਕਾਰੀ ਮੁਤਾਬਕ ਸਥਾਨਕ ਨਗਰ ਨਿਗਮ ਨੇ ਪਹਿਲੀ ਵਾਰ ਬੈਕੁੰਠ ਨਗਰ ਦੇ ਗੁਰਦੁਆਰਾ ਸਾਹਿਬ ਨੂੰ ਤਕਰੀਬਨ 15 ਹਜ਼ਾਰ ਰੁਪਏ ਟੈਕਸ ਭਰਨ ਦਾ ਨੋਟਿਸ ਭੇਜ ਦਿੱਤਾ ਹੈ। ਇਸ ਤੋਂ ਬਾਅਦ ਸਥਾਨਕ ਸਿੱਖ ਭਾਈਚਾਰੇ ਨੇ ਨਗਰ ਨਿਗਮ ਉੱਤੇ ਭੇਦਭਾਵ ਦਾ ਦੋਸ਼ ਲਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਨੂੰ ਮਾਮਲੇ ਦੀ ਲਿਖਤੀ ਸ਼ਿਕਾਇਤ ਭੇਜੀ ਹੈ।

 

 

ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਧਾਰਮਿਕ ਸਥਾਨ ਉੱਤੇ ਨਗਰ ਨਿਗਮ ਨੇ ਕਰੀਬ 15 ਹਜ਼ਾਰ ਰੁਪਏ ਹਾਊਸ, ਪਾਣੀ ਤੇ ਡਰੇਨੇਜ਼ ਦਾ ਟੈਕਸ ਲਾਇਆ ਹੈ ਜੋ ਨਿੰਦਣਯੋਗ ਹੈ ਕਿਉਂਕਿ ਗੁਰਦੁਆਰਾ ਸਾਹਿਬ ਦੀ ਸਥਾਪਨਾ ਨੂੰ ਕਰੀਬ 50 ਸਾਲ ਹੋ ਚੁੱਕੇ ਹਨ। ਅੱਜ ਤੱਕ ਕਦੇ ਵੀ ਅਜਿਹਾ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ।

 

 

ਉਨਾਂ ਦੱਸਿਆ ਕਿ ਜਦੋਂ ਤੋਂ ਗੁਰਦੁਆਰਾ ਸਾਹਿਬ ਬਣਿਆ ਹੈ, ਉਦੋਂ ਤੋਂ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਫਿਰ ਟੈਕਸ ਕਿਸ ਗੱਲ ਦਾ ਲਾਇਆ ਗਿਆ ਹੈ ਤੇ ਕਿਹੜੇ ਨਿਯਮਾਂ ਤਹਿਤ ਲਾਇਆ ਗਿਆ ਹੈ। ਸਿੱਖ ਭਾਈਚਾਰੇ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅਥਾਰਟੀ ਨੇ ਫੈਸਲਾ ਵਾਪਸ ਨਹੀਂ ਲਿਆ ਤਾਂ ਤਿੱਖਾ ਅੰਦੋਲਨ ਵਿੱਢਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸੰਵਿਧਾਨ ਵਿੱਚ ਵੀ ਧਾਰਮਿਕ ਅਸਥਾਨਾਂ ਨੂੰ ਕਿਸੇ ਵੀ ਕਿਸਮ ਦੇ ਟੈਕਸ ਤੋਂ ਛੋਟ ਦਿੱਤੀ ਗਈ ਹੈ।