ਚੰਡੀਗੜ੍ਹ: ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ 'ਚ ਪੰਜਾਬ ਪੁਲਿਸ ਦੀ ਕਾਰਵਾਈ ਖ਼ੂਬ ਸੁਰਖੀਆਂ 'ਚ ਹੈ। ਇੱਥੇ ਪੁਲਿਸ ਨੇ ਇੱਕ ਕਿਸਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 5 ਕਿਲੋ ਰੇਤ, ਟੋਕਰੀ, ਕੈਸੇਟ ਤੇ 100 ਰੁਪਏ ਨਕਦ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਨੇ ਕਿਸਾਨ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਦਾ ਕੇਸ ਵੀ ਦਰਜ ਕਰ ਲਿਆ ਹੈ। ਹਾਲਾਂਕਿ ਕਿਸਾਨ ਦਾ ਕਹਿਣਾ ਹੈ ਕਿ ਉਹ ਆਪਣੀ ਜ਼ਮੀਨ ਨੂੰ ਪੱਧਰਾ ਕਰ ਰਿਹਾ ਸੀ। ਜੇਕਰ ਰੇਤ ਦੀ ਨਾਜਾਇਜ਼ ਮਾਈਨਿੰਗ ਹੁੰਦੀ ਹੈ ਤਾਂ ਟਿੱਪਰ ਤੇ ਟਰੈਕਟਰ ਟਰਾਲੀ ਮੌਕੇ 'ਤੇ ਮਿਲਣੇ ਚਾਹੀਦੀ ਸੀ।



ਪੁਲਿਸ ਅਨੁਸਾਰ ਪਿੰਡ ਮੋਹਰ ਸਿੰਘ ਵਾਲਾ ਦਾ ਕਿਸਾਨ ਕ੍ਰਿਸ਼ਨ ਸਿੰਘ ਆਪਣੇ ਖੇਤ ਵਿੱਚ ਰੇਤ ਦੀ ਨਾਜਾਇਜ਼ ਖੱਡ ਚਲਾ ਰਿਹਾ ਸੀ। ਜਦੋਂ ਪੁਲਿਸ ਨੇ ਉਥੇ ਛਾਪੇਮਾਰੀ ਕੀਤੀ ਤਾਂ ਰੇਤ ਚੁੱਕਣ ਵਾਲੀ ਟੋਕਰੀ, ਕੱਸੀ ਤੇ 5 ਕਿਲੋ ਰੇਤ ਬਰਾਮਦ ਹੋਈ। ਕ੍ਰਿਸ਼ਨ ਸਿੰਘ ਦੀ ਤਲਾਸ਼ੀ ਲੈਣ 'ਤੇ 100 ਰੁਪਏ ਦੀ ਨਕਦੀ ਵੀ ਮਿਲੀ। ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਕ੍ਰਿਸ਼ਨ ਸਿੰਘ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰ ਲਿਆ ਹੈ।

ਉਧਰ, ਕਿਸਾਨ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਮੇਰੀ ਜਗ੍ਹਾ ਉੱਚੀ ਸੀ ਤੇ ਗੁਆਂਢੀ ਦੀ ਨੀਂਵੀ ਸੀ। ਇਸ ਕਾਰਨ ਮੈਂ ਉਥੋਂ ਲੈਵਲਿੰਗ ਲਈ ਰੇਤ ਚੁੱਕ ਲਈ। ਉੱਥੇ ਕੋਈ ਗੈਰ-ਕਾਨੂੰਨੀ ਮਾਈਨਿੰਗ ਨਹੀਂ ਹੋ ਰਹੀ ਸੀ। ਮੈਂ ਆਪਣੇ ਖੇਤ ਵਿੱਚ ਖੜ੍ਹਾ ਸੀ। ਮੈਂ ਪੁਲਿਸ ਨੂੰ ਵੀ ਦੱਸਿਆ ਪਰ ਉਹ ਮੈਨੂੰ ਫੜ ਕੇ ਲੈ ਗਏ। ਪੁਲਿਸ ਨੇ ਆਪਣੇ ਨੰਬਰ ਬਣਾਉਣ ਲਈ ਮੇਰੇ ਖਿਲਾਫ ਕਾਰਵਾਈ ਕੀਤੀ। ਮੇਰੇ 'ਤੇ ਨਾਜਾਇਜ਼ ਤੌਰ 'ਤੇ ਕਾਰਵਾਈ ਹੋਈ ਹੈ।

ਕਿਸਾਨ 'ਤੇ ਕਾਰਵਾਈ ਕਰਨ ਵਾਲੇ ਏਐਸਆਈ ਸਤਨਾਮ ਦਾਸ ਦਾ ਕਹਿਣਾ ਹੈ ਕਿ ਜਿੱਥੇ ਪੁਲਿਸ ਨੇ ਛਾਪਾ ਮਾਰਿਆ ਉੱਥੇ ਨਾਜਾਇਜ਼ ਮਾਈਨਿੰਗ ਹੋ ਰਹੀ ਸੀ। ਬੇਸ਼ੱਕ ਸਾਨੂੰ ਮੌਕੇ 'ਤੇ ਟਰੈਕਟਰ ਟਰਾਲੀ ਨਹੀਂ ਮਿਲੀ ਪਰ ਅਸੀਂ ਕਹੀ ਤੇ ਟੋਕਰੀ ਜ਼ਬਤ ਕਰ ਲਈ ਹੈ। ਅਸੀਂ ਸੈਂਪਲ ਵਜੋਂ 5 ਕਿਲੋ ਰੇਤ ਕਬਜੇ ਵਿੱਚ ਲੈ ਲਈ ਹੈ। ਐਸਐਚਓ ਗੁਰਜੰਟ ਸਿੰਘ ਨੇ ਦੱਸਿਆ ਕਿ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਕਿਸਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।