ਚੰਡੀਗੜ੍ਹ: ਬਾਦਲ ਪਰਿਵਾਰ ਦੇ ਖਾਸ-ਮ-ਖਾਸ ਦਿਆਲ ਸਿੰਘ ਕੋਲਿਆਂਵਾਲੀ ਨੂੰ ਕਿਤੋਂ ਵੀ ਸਹਾਰਾ ਨਹੀਂ ਮਿਲ ਰਿਹਾ। ਹਾਈਕੋਰਟ ਤੇ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਅਰਜ਼ੀ ਰੱਦ ਕਰਨ ਮਗਰੋਂ ਕੋਲਿਆਂਵਾਲੀ ਦਾ ਆਖਰੀ ਪੈਂਤੜਾ ਵੀ ਅਸਫਲ ਰਿਹਾ ਹੈ।
ਦਰਅਸਲ ਕੋਲਿਆਂਵਾਲੀ ਨੇ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਹੋ ਕੇ ਰੈਗੂਲਰ ਜ਼ਮਾਨਤ ਦੀ ਮੰਗ ਕੀਤੀ ਜਿਸ ਨੂੰ ਠੁਕਰਾ ਦਿੱਤਾ ਗਿਆ। ਕੋਲਿਆਂਵਾਲੀ ਨੇ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਦੀ ਨਿਆਂਇਕ ਕਸਟਡੀ ਮੰਨਦੇ ਹੋਏ ਉਨ੍ਹਾਂ ਨੂੰ ਰੈਗੂਲਰ ਜ਼ਮਾਨਤ ਦੇ ਦਿੱਤੀ ਜਾਵੇ। ਅਦਾਲਤ ਨੇ ਉਨ੍ਹਾਂ ਦਾ ਅਰਜ਼ੀ ਰੱਦ ਕਰ ਦਿੱਤੀ। ਹੁਣ ਕੋਲਿਆਂਵਾਲੀ ਕੋਲ ਆਤਮ ਸਮਰਪਣ ਕਰਨ ਤੋਂ ਬਿਨਾ ਕੋਈ ਚਾਰਾ ਨਹੀ।
ਯਾਦ ਰਹੇ ਕੋਲਿਆਂਵਾਲੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਅਗਾਉਂ ਜ਼ਮਾਨਤ ਅਰਜ਼ੀ ਨੂੰ ਸੁਪਰੀਮ ਕੋਰਟ ਨੇ ਵੀ ਰੱਦ ਕਰ ਦਿੱਤਾ ਸੀ। ਅਦਾਲਤ ਨੇ ਉਨ੍ਹਾਂ ਨੂੰ ਹਫ਼ਤੇ ਦੇ ਅੰਦਰ-ਅੰਦਰ ਸਮਰਪਣ ਕਰਨ ਦੇ ਵੀ ਹੁਕਮ ਦਿੱਤੇ ਸਨ। ਇਸ ਤੋਂ ਪਹਿਲਾਂ ਕੋਲਿਆਂਵਾਲੀ ਦੋ ਵਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਜਾ ਚੁੱਕੇ ਹਨ ਪਰ ਅਦਾਲਤ ਨੇ ਦੋਵੇਂ ਵਾਰ ਉਨ੍ਹਾਂ ਦੀ ਅਗਾਊਂ ਜ਼ਮਾਨਤ ਨੂੰ ਰੱਦ ਕਰ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ ਕੋਲਿਆਂਵਾਲੀ ’ਤੇ ਸਾਲ 2007 ਤੋ 2017 ਤਕ ਆਪਣੀ ਸਰਕਾਰੀ ਚੇਅਰਮੈਨੀ (ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ) 'ਤੇ ਰਹਿੰਦਿਆਂ ਰੁਤਬੇ ਦੀ ਦੁਰਵਰਤੋਂ ਕਰਦਿਆਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਲਾਏ ਹਨ। ਵਿਜੀਲੈਂਸ ਨੇ ਕੋਲਿਆਂਵਾਲੀ ’ਤੇ ਮੁਹਾਲੀ ਵਿੱਚ 30 ਜੂਨ, 2018 ਨੂੰ ਵਸੀਲਿਆਂ ਤੋਂ ਜ਼ਿਆਦਾ ਜਾਇਦਾਦ ਬਣਾਏ ਜਾਣ ਦੇ ਇਲਜ਼ਾਮਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ।
ਇਸ ਤੋਂ ਬਾਅਦ ਕੋਲਿਆਂਵਾਲੀ ਰੂਪੋਸ਼ ਹੋ ਗਏ ਸਨ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਨੂੰ 25 ਜੁਲਾਈ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਹਾਲਾਂਕਿ ਉਹ ਤਿੰਨ-ਚਾਰ ਵਾਰ ਵਿਜੀਲੈਂਸ ਅਧਿਕਾਰੀ ਭੁਪਿੰਦਰ ਸਿੰਘ ਸਿੱਧੂ ਕੋਲ ਤਫ਼ਤੀਸ਼ ਲਈ ਹਾਜ਼ਰ ਹੋਏ ਸਨ। ਇਸੇ ਮਹੀਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਕੋਲਿਆਂਵਾਲੀ ਦੇ ਬੰਦ ਪਏ ਘਰ ਵਿੱਚ ਵਿਜੀਲੈਂਸ ਨੇ ਛਾਪਾ ਵੀ ਮਾਰਿਆ ਸੀ। ਹੁਣ ਅਦਾਲਤ ਦੇ ਹੁਕਮਾਂ ਤੋਂ ਬਾਅਦ ਕੋਲਿਆਂਵਾਲੀ 'ਤੇ ਗ੍ਰਿਫ਼ਤਾਰੀ ਦੇ ਬੱਦਲ ਮੰਡਰਾ ਰਹੇ ਹਨ।