Punjab politics: ਪੰਜਾਬ ਭਾਜਪਾ ਦੇ ਲੀਡਰ ਵਿਜੇ ਸਾਂਪਲਾ ਵੱਲੋਂ ਪੰਜਾਬ ਸਰਕਾਰ ਨੂੰ ਕਈ ਮੁੱਦਿਆ ਉੱਤੇ ਘੇਰ ਕੇ ਸਵਾਲ ਪੁੱਛੇ ਗਏ ਹਨ। ਇਸ ਵਿੱਚ ਪਰਾਲੀ ਦੇ ਮੁੱਦੇ ਤੇ ਰਾਜਪਾਲ ਦੀ ਚਿੱਠੀ ਸਮੇਤ ਵਿਰੋਧੀ ਧਿਰ ਉੱਤੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।


ਪਰਾਲੀ ਦੇ ਮੁੱਦੇ 'ਤੇ ਕੀ ਕਿਹਾ ? 


ਵਿਜੇਂ ਸਾਂਪਲਾ ਨੇ ਕਿਹਾ ਕਿ ਪੰਜਾਬ ਵਿੱਚ ਪਰਾਲੀ ਸਾੜੇ ਜਾਣ ਦੀਆਂ ਤਸਵੀਰਾਂ ਨਾਸਾ ਵੱਲੋਂ ਜਾਰੀ ਕੀਤੀਆਂ ਗਈਆਂ ਹਨ ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਲਗਾਤਾਰ ਪਰਾਲੀ ਸਾੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿੱਚ ਆਪ ਦੀ ਸਰਕਾਰ ਨਹੀਂ ਸੀ ਉਦੋਂ ਤਤਕਾਲੀ ਸਰਕਾਰਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਸੀ ਤੇ ਹੁਣ ਸਰਕਾਰ ਚੁੱਪ ਹੈ। ਇਸ ਮੌਕੇ ਹਰਿਆਣਾ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਸੂਬੇ ਨੇ ਇਸ 'ਤੇ 36 ਫੀਸਦੀ ਤੱਕ ਕਾਬੂ ਪਾਇਆ ਹੈ। ਜੇ ਪਰਾਲੀ ਦੇ ਧੂੰਏਂ ਦੇ ਮਾਮਲੇ ਵਿੱਚ ਪੰਜਾਬ ਸਭ ਤੋਂ ਅੱਗੇ ਹੈ ਤਾਂ ਉਨ੍ਹਾਂ ਨੇ ਇਸ ਨੂੰ ਰੋਕਣ ਲਈ ਕੀ ਕੀਤਾ?


ਵਿਧਾਇਕ ਉੱਤੇ ਕੀ ਕੀਤੀ ਜਾ ਰਹੀ ਹੈ ਕਾਰਵਾਈ ?


ਜ਼ਿਕਰ ਕਰ ਦਈਏ ਕਿ ਰਾਜਪਾਲ ਵੱਲੋਂ ਸੀਐਮ ਮਾਨ ਚਿੱਠੀ ਲਿਖ ਕੇ ਮੋਹਾਲੀ ਦੇ ਵਿਧਾਇਕ ਖਿਲਾਫ਼ ਕੀ ਕਾਰਵਾਈ ਕੀਤੀ ਗਈ ਹੈ ਇਸ ਬਾਬਤ ਸਵਾਲ ਪੁੱਛਿਆ ਗਿਆ ਹੈ। ਦੱਸ ਦਈਏ ਕਿ ਇਸ 'ਚ ਕਿਹਾ ਗਿਆ ਹੈ ਕਿ ਵਾਤਾਵਰਣ ਮੰਤਰਾਲੇ ਦੇ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਮੋਹਾਲੀ ਦੇ ਵਿਧਾਇਕ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ। ਜਿਸ ਦਾ ਪੰਜਾਬ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਸਬੰਧੀ ਵਾਤਾਵਰਣ ਮੰਤਰਾਲੇ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ।


ਇਸ ਮੌਕੇ ਵਿਜੇ ਸਾਂਪਲਾ ਨੇ ਐੱਸ.ਵਾਈ.ਐੱਲ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਪੰਜਾਬ 'ਚ ਕੁਝ ਬਿਆਨ ਦਿੰਦੇ ਹਨ ਅਤੇ ਪੰਜਾਬ ਤੋਂ ਬਾਹਰ ਜਾ ਕੇ ਪੰਜਾਬ ਦਾ ਪਾਣੀ ਹਰਿਆਣਾ ਅਤੇ ਦਿੱਲੀ ਨੂੰ ਦੇਣ ਦੀ ਗੱਲ ਕਰਦੇ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਨੂੰ ਪੰਜਾਬ ਨਾਲ ਕੋਈ ਲਗਾਅ ਨਹੀਂ ਹੈ। ਇਸ ਨਾਲ ਪੰਦਾਬ ਦਾ ਭਾਰੀ ਨੁਕਸਾਨ ਹੋ ਰਿਹਾ ਹੈ।


ਇਸ ਮੌਕੇ ਲੀਡਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਰੋਧੀਆਂ 'ਤੇ ਕੇਸ ਦਰਜ ਕੀਤੇ ਜਾ ਰਹੇ ਹਨ, ਜਿਸ 'ਤੇ ਕੱਲ੍ਹ ਅਕਾਲੀ ਦਲ ਦੇ ਆਗੂ ਨੂੰ ਟਵਿੱਟਰ 'ਤੇ ਵੀਡੀਓ ਪੋਸਟ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਸਾਂਪਲਾ ਨੇ ਕਿਹਾ ਕਿ ਵਿਰੋਧੀਆਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ, ਜਿਸ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਸੱਤਾਧਾਰੀ ਪਾਰਟੀ ਨਸ਼ੇ 'ਚ ਧੁੱਤ ਹੈ। ਸੱਤਾ ਅਤੇ ਲੋਕਤੰਤਰ ਦਾ ਕਤਲ ਜੋ ਇਸ ਵੇਲੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ, ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।