Punjab News: ਪੰਜਾਬ ਸਰਕਾਰ ਘਰਾਂ ਅੰਦਰ ਹੀ ਕਾਰੋਬਾਰ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਸੂਬੇ ਦੇ ਟੈਕਸ ਵਿਭਾਗ ਦਾ ਧਿਆਨ ਹੁਣ ਸਰਵਿਸ ਸੈਕਟਰ 'ਤੇ ਹੈ। ਇਸ ਤਹਿਤ ਵਿਭਾਗ ਨੇ ਹਾਲ ਹੀ ਵਿੱਚ ਬੁਟੀਕਾਂ ਤੇ ਆਈਲੈਟਸ ’ਤੇ ਸ਼ਿਕੰਜਾ ਕੱਸਿਆ ਹੈ। ਅਹਿਮ ਗੱਲ ਹੈ ਕਿ ਘਰਾਂ ਅੰਦਰ ਹੀ ਚਲਾਏ ਜਾ ਰਹੇ ਬੁਟੀਕਾਂ ਵਿੱਚ ਹਰ ਰੋਜ਼ ਹਜ਼ਾਰਾਂ ਰੁਪਏ ਦਾ ਸਾਮਾਨ ਵਿਕਦਾ ਹੈ ਪਰ ਇੱਕ ਪੈਸਾ ਵੀ ਜੀਐਸਟੀ ਦੇ ਰੂਪ ਵਿੱਚ ਸਰਕਾਰੀ ਖ਼ਜ਼ਾਨੇ ਵਿੱਚ ਨਹੀਂ ਆਉਂਦਾ। 


ਦੱਸ ਦਈਏ ਕਿ ਸਰਵਿਸ ਸੈਕਟਰ 18 ਫੀਸਦੀ ਜੀਐਸਟੀ ਦੇ ਦਾਇਰੇ ਵਿੱਚ ਆਉਂਦਾ ਹੈ। ਸੂਤਰਾਂ ਮੁਤਾਬਕ ਕਰ ਵਿਭਾਗ ਨੇ ਸੂਬੇ ਵਿੱਚ 700 ਅਜਿਹੇ ਬੁਟੀਕ ਦੀ ਸ਼ਨਾਖਤ ਕੀਤੀ ਹੈ, ਜਿਨ੍ਹਾਂ ਦਾ ਟਰਨਓਵਰ ਲੱਖਾਂ ਰੁਪਏ ਹੈ, ਪਰ ਉਹ ਟੈਕਸ ਨਹੀਂ ਭਰਦੇ। ਵਿਭਾਗ ਦੇ ਸੂਤਰਾਂ ਮੁਕਾਬਕ ਇਨ੍ਹਾਂ ਬੁਟੀਕਾਂ 'ਤੇ ਲਹਿੰਗਿਆਂ ਦੀ ਕੀਮਤ ਹੀ ਲੱਖ ਤੋਂ ਦੋ ਲੱਖ ਰੁਪਏ ਤੱਕ ਹੈ। ਕਈ ਬੁਟੀਕ ਕਿਰਾਏ 'ਤੇ ਵੀ ਲਹਿੰਗੇ ਦਿੰਦੇ ਹਨ ਪਰ ਉਨ੍ਹਾਂ 'ਤੇ ਟੈਕਸ ਨਹੀਂ ਦਿੰਦੇ। 


ਦੱਸ ਦਈਏ ਕਿ ਬੁਟੀਕ ਤੋਂ ਪਹਿਲਾਂ ਆਈਲੈਟਸ ਸੈਂਟਰਾਂ 'ਤੇ ਵੀ ਇਸੇ ਤਰ੍ਹਾਂ ਦੀ ਛਾਪੇਮਾਰੀ ਕੀਤੀ ਗਈ ਸੀ। ਅਗਸਤ ਮਹੀਨੇ ਦੌਰਾਨ ਮਾਰੇ ਗਏ ਛਾਪਿਆਂ ਦੌਰਾਨ 21 ਅਜਿਹੇ ਸੈਂਟਰ ਫੜੇ ਗਏ ਸਨ ਜਿਨ੍ਹਾਂ ਨੇ ਖ਼ਜ਼ਾਨੇ ਨੂੰ 4 ਕਰੋੜ ਰੁਪਏ ਦਾ ਚੂਨਾ ਲਾਇਆ ਸੀ। ਉਹ ਵਿਦਿਆਰਥੀਆਂ ਤੋਂ ਫੀਸਾਂ ਵਜੋਂ ਨਕਦ ਲੈ ਰਹੇ ਸਨ, ਪਰ ਇਸ 'ਤੇ ਜੀਐਸਟੀ ਨਹੀਂ ਭਰ ਰਹੇ ਸਨ। ਇਸ ਸਮੇਂ ਪੰਜਾਬ ਵਿੱਚ ਇੱਕ ਹਜ਼ਾਰ ਦੇ ਕਰੀਬ ਆਈਲਟਸ ਸੈਂਟਰ ਕੰਮ ਕਰ ਰਹੇ ਹਨ, ਜਿਨ੍ਹਾਂ ਤੋਂ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਜੀਐਸਟੀ ਆਉਣ ਦੀ ਉਮੀਦ ਹੈ। 


ਇਸੇ ਤਰ੍ਹਾਂ ਬਿਊਟੀ ਪਾਰਲਰ ਆਦਿ ਵੀ ਵੱਡੇ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ ਤੇ ਪੰਜਾਬ 'ਚ ਲੋਕ ਵਿਆਹਾਂ 'ਤੇ ਕਾਫੀ ਖਰਚ ਕਰਦੇ ਹਨ। ਇਸ ਦੇ ਬਾਵਜੂਦ ਟੈਕਸ ਵਸੂਲੀ ਬਹੁਤ ਘੱਟ ਹੈ। ਹੁਣ ਵਿਭਾਗ ਇਸ ਵੱਲ ਵੀ ਧਿਆਨ ਦੇ ਰਿਹਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।