Amritsar News: ਪਾਕਿਸਤਾਨ 'ਚ ਸ਼ਰੇਆਮ ਕਤਲ ਕੀਤੇ ਗਏ ਖਾਲਿਸਤਾਨੀ ਪਰਮਜੀਤ ਸਿੰਘ ਪੰਜਵੜ ਦਾ ਅੰਤਿਮ ਸੰਸਕਾਰ ਲਾਹੌਰ 'ਚ ਕਰ ਦਿੱਤਾ ਗਿਆ ਹੈ। ਪਰਿਵਾਰ ਉਸ ਦੀ ਮ੍ਰਿਤਕ ਦੇਹ ਨੂੰ ਪਾਕਿਸਤਾਨ ਤੋਂ ਤਰਨ ਤਾਰਨ ਦੇ ਪਿੰਡ ਪੰਜਵੜ ਵਿਖੇ ਅੰਤਿਮ ਸੰਸਕਾਰ ਲਈ ਲਿਆਉਣਾ ਚਾਹੁੰਦਾ ਸੀ। ਹੁਣ ਪਰਿਵਾਰ ਨੇ ਪਰਮਜੀਤ ਦੀ ਅੰਤਿਮ ਅਰਦਾਸ ਤੋਂ ਪਹਿਲਾਂ ਪਿੰਡ ਵਿੱਚ ਹੀ 13 ਮਈ ਨੂੰ ਪਾਠ ਰੱਖਵਾਉਣ ਦਾ ਫੈਸਲਾ ਕੀਤਾ ਹੈ।


ਹਾਸਲ ਜਾਣਕਾਰੀ ਅਨੁਸਾਰ ਪੰਜਵੜ ਦਾ ਅੰਤਿਮ ਸੰਸਕਾਰ ਲਾਹੌਰ ਦੇ ਬਾਬੂ-ਸਾਬੂ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ ਹੈ। ਜਿੱਥੇ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆ ਦੇ ਗ੍ਰੰਥੀ ਰਣਜੀਤ ਸਿੰਘ ਫਾਨੀ ਨੇ ਸਸਕਾਰ ਤੋਂ ਪਹਿਲਾਂ ਅੰਤਿਮ ਅਰਦਾਸ ਕੀਤੀ। 


ਦੱਸ ਦਈਏ ਕਿ ਪਰਮਜੀਤ ਸਿੰਘ ਪੰਜਵੜ ਤਰਨ ਤਾਰਨ ਦੇ ਪਿੰਡ ਪੰਜਵੜ ਦਾ ਰਹਿਣ ਵਾਲਾ ਸੀ। ਖਾਲਿਸਤਾਨ ਕਮਾਂਡੋ ਫੋਰਸ ਦਾ ਮੁਖੀ ਬਣਨ ਦੇ ਨਾਲ ਹੀ ਉਸ ਨੇ ਪਿਛਲੇ 33 ਸਾਲਾਂ ਤੋਂ ਪਾਕਿਸਤਾਨ ਵਿੱਚ ਸ਼ਰਨ ਲਈ ਹੋਈ ਸੀ ਜਿੱਥੇ ਉਸ ਨੇ ਆਪਣਾ ਨਾਮ ਸਰਦਾਰ ਮਲਿਕ ਸਿੰਘ ਰੱਖਿਆ ਹੋਇਆ ਸੀ। 


ਪੰਜਵੜ ਦੇ ਕਤਲ ਦੀ ਸੂਚਨਾ ਮਿਲਦੇ ਹੀ ਲੋਕ ਉਸ ਦੇ ਭਰਾਵਾਂ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਪੰਜਵੜ ਪਹੁੰਚ ਰਹੇ ਹਨ। ਦੂਜੇ ਪਾਸੇ ਪਿੰਡ ਵਿੱਚ ਅੰਤਿਮ ਅਰਦਾਸ ਲਈ 13 ਮਈ ਤੋਂ ਆਰੰਭ ਹੋਏ ਪਾਠ ਦੇ ਭੋਗ 15 ਮਈ ਨੂੰ ਪਾਏ ਜਾਣਗੇ।


ਲਾਭ ਸਿੰਘ ਦੀ ਮੌਤ ਤੋਂ ਬਾਅਦ ਪੰਜਵੜ ਨੇ ਕਮਾਨ ਸੰਭਾਲੀ


ਦੱਸ ਦੇਈਏ ਕਿ 12 ਜੁਲਾਈ 1988 ਨੂੰ ਸੁਰੱਖਿਆ ਬਲਾਂ ਨੇ ਖਾਲਿਸਤਾਨ ਕਮਾਂਡੋ ਫੋਰਸ ਦੀ ਕਮਾਂਡ ਕਰਨ ਵਾਲੇ ਲਾਭ ਸਿੰਘ ਨੂੰ ਮਾਰ ਦਿੱਤਾ ਸੀ। ਇਸ ਤੋਂ ਬਾਅਦ ਪਰਮਜੀਤ ਸਿੰਘ ਪੰਜਵੜ ਉਭਰਿਆ ਤੇ ਪੰਜਵੜ ਖਾਲਿਸਤਾਨ ਕਮਾਂਡੋ ਫੋਰਸ ਦਾ ਮੁਖੀ ਬਣ ਗਿਆ। ਉਹ ਪਾਕਿਸਤਾਨ ਵਿੱਚ ਮਲਿਕ ਸਰਦਾਰ ਸਿੰਘ ਦੇ ਨਾਂ ਹੇਠ ਰਹਿ ਰਿਹਾ ਸੀ। ਇਸ ਤੋਂ ਪਹਿਲਾਂ ਉਹ ਸੋਹਲ ਵਿੱਚ ਇੱਕ ਕੇਂਦਰੀ ਸਹਿਕਾਰੀ ਬੈਂਕ ਵਿੱਚ ਕੰਮ ਕਰਦਾ ਸੀ। 


ਚੰਡੀਗੜ੍ਹ ਬੰਬ ਧਮਾਕੇ ਦਾ ਹੈ ਦੋਸ਼ੀ !


ਭਾਰਤੀ ਏਜੰਸੀਆਂ ਅਨੁਸਾਰ 30 ਜੂਨ 1999 ਨੂੰ ਚੰਡੀਗੜ੍ਹ ਵਿੱਚ ਪਾਸਪੋਰਟ ਦਫ਼ਤਰ ਨੇੜੇ ਹੋਇਆ ਬੰਬ ਧਮਾਕਾ ਪਰਮਜੀਤ ਸਿੰਘ ਪੰਜਵੜ ਨੇ ਕੀਤਾ ਸੀ। ਇਸ ਬੰਬ ਧਮਾਕੇ ਵਿੱਚ ਚਾਰ ਲੋਕ ਜ਼ਖਮੀ ਹੋ ਗਏ, ਬੰਬ ਸਕੂਟਰ ਵਿੱਚ ਰੱਖਿਆ ਗਿਆ ਸੀ।


ਬਾਈਕ ਸਵਾਰਾਂ ਨੇ ਗੋਲੀਆਂ ਚਲਾ ਦਿੱਤਾ ਵਾਰਦਾਤ ਨੂੰ ਅੰਜਾਮ


ਸੂਤਰਾਂ ਦੀ ਮੰਨੀਏ ਤਾਂ ਪਰਮਜੀਤ ਸਿੰਘ ਪੰਜਵੜ ਨੂੰ ਲਾਹੌਰ 'ਚ ਕੁਝ ਬਾਈਕ ਸਵਾਰਾਂ ਨੇ ਨਿਸ਼ਾਨਾ ਬਣਾਇਆ ਸੀ। ਪੰਜਵੜ ਜਿਸ ਸੁਸਾਇਟੀ ਵਿੱਚ ਰਹਿ ਰਿਹਾ ਸੀ, ਉਸ ਵਿੱਚ ਦਾਖਲ ਹੋ ਕੇ ਹਮਲਾਵਰਾਂ ਨੇ ਪੰਜਵੜ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸ ਦਈਏ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਸਾਲ 2020 ਵਿੱਚ ਜਾਰੀ ਕੀਤੀ ਗਈ 9 ਅੱਤਵਾਦੀਆਂ ਦੀ ਸੂਚੀ ਵਿੱਚ ਪਰਮਜੀਤ ਸਿੰਘ ਪੰਜਵੜ ਦਾ ਨਾਂ ਵੀ ਸ਼ਾਮਲ ਸੀ।