100 crore scam: ਪੰਜਾਬ ਵਿੱਚ ਇੱਕ ਵੱਡਾ ਸਾਈਬਰ ਘੁਟਾਲਾ ਸਾਹਮਣੇ ਆਇਆ ਹੈ, ਜਿਸ ਵਿੱਚ ਆਮ ਆਦਮੀ ਪਾਰਟੀ (AAP) ਦੇ ਮੰਤਰੀ ਹਰਜੋਤ ਬੈਂਸ (Harjot Bains) ਅਤੇ ਉਨ੍ਹਾਂ ਦੀ ਪਤਨੀ ਐਸਪੀ (SP) ਜੋਤੀ ਯਾਦਵ (Jyoti Yadav) ਦੇ ਨਾਮ ਕਥਿਤ ਤੌਰ 'ਤੇ ਜੁੜੇ ਹੋਏ ਹਨ। ਇਸ ਮਾਮਲੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾ ਗਈ ਹੈ ਤੇ ਵਿਰੋਧੀ ਧਿਰਾਂ ਵੱਲੋਂ ਇਸ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ, ਸਾਈਬਰ ਸੈੱਲ ਦੇ ਇੰਸਪੈਕਟਰ ਵੱਲੋਂ ਪੰਜਾਬ ਦੇ DGP ਨੂੰ ਪੱਤਰ ਲਿਖ ਕੇ ਮੰਤਰੀ ਹਰਜੋਤ ਸਿੰਘ ਬੈਂਸ ਤੇ ਉਨ੍ਹਾਂ ਦੀ ਪਤਨੀ ਐਸ.ਪੀ ਜੋਤੀ ਯਾਦਵ ਵਿਰੁੱਧ 100 ਕਰੋੜ ਰੁਪਏ ਦੇ ਵਿਦੇਸ਼ੀ ਕਾਲ ਸੈਂਟਰ ਘੁਟਾਲੇ ਨਾਲ ਕਥਿਤ ਸਬੰਧ ਅਤੇ ਪ੍ਰੋਫੈਸਰ ਦੀ ਖੁਦਕੁਸ਼ੀ ਮਾਮਲੇ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਕਾਲ ਰਿਕਾਰਡ ਦੀ ਮੰਗ ਕਰਨ ਲਈ ਜਾਂਚ ਦੀ ਬੇਨਤੀ ਕੀਤੀ ਗਈ ਹੈ।
ਪਰਗਟ ਸਿੰਘ ਨੇ ਕਿਹਾ ਕਿ, 1158 ਪ੍ਰੋਫ਼ੈਸਰ ਯੂਨੀਅਨ ਦੇ ਮੈਂਬਰ ਪ੍ਰੋਫੈਸਰ ਬਲਵਿੰਦਰ ਕੌਰ ਨੇ ਆਪਣੇ ਸੁਸਾਈਡ ਨੋਟ ਵਿੱਚ ਵੀ ਮੰਤਰੀ ਦਾ ਨਾਂਅ ਲਿਖਿਆ ਸੀ। ਭ੍ਰਿਸ਼ਟਾਚਾਰ 'ਤੇ ਜ਼ੀਰੋ ਟੋਲਰੈਂਸ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਮਾਮਲੇ ਦੀ ਨਿਰਪੱਖ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਕਿਹਾ ਕਿ ਸਾਡੀ ਮੰਗ ਹੈ ਕਿ ਜੋ 100 ਕਰੋੜ ਰੁਪਏ ਦਾ Cyber Scam ਸਾਹਮਣੇ ਆਇਆ ਹੈ ਉਸਦੀਆਂ ਤਾਰਾਂ ਸਿੱਧੀਆਂ-ਸਿੱਧੀਆਂ ਇੱਕ ਮੰਤਰੀ, ਇੱਕ ਸੀਨੀਅਰ ਪੁਲਿਸ ਅਧਿਕਾਰੀ ਤੇ ਸਾਈਬਰ ਮਾਫੀਆ ਨਾਲ ਜੁੜੀਆਂ ਹੋਈਆਂ ਹਨ ਜਿਸਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ
ਹਾਲਾਂਕਿ ਦੌਰਾਨ ਪੰਜਾਬ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਕਸ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਉਹ ਤੇ ਉਨ੍ਹਾਂ ਦੀ ਪਤਨੀ ਸਾਫ਼ ਹਨ। ਉਹ ਇਸ ਮਾਮਲੇ ਵਿੱਚ ਮਾਣਹਾਨੀ ਦਾ ਕੇਸ ਦਾਇਰ ਕਰੇਗਾ।
ਜ਼ਿਕਰ ਕਰ ਦਈਏ ਕਿ ਮੁਹਾਲੀ ਦੀ ਇੰਸਪੈਕਟਰ ਅਮਨਜੋਤ ਕੌਰ ਨੇ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਉਸ ਦੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਸ਼ਿਕਾਇਤ ਦੀ ਕਾਪੀ ਮੀਡੀਆ ਵਿੱਚ ਆਉਣ ਤੋਂ ਬਾਅਦ ਇਹ ਮਾਮਲਾ ਪੂਰੀ ਤਰ੍ਹਾਂ ਨਾਲ ਭਖ ਗਿਆ ਹੈ।