ਚੰਡੀਗੜ੍ਹ: ਪੰਜਾਬ ਸਰਕਾਰ ਨੇ ਖਜ਼ਾਨਾ ਖਾਲੀ ਹੋਣ ਦੀ ਚਰਚਾ ਨੂੰ ਰੱਦ ਕੀਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਸੂਬੇ ਦੀ ਵਿੱਤੀ ਹਾਲਤ ਬਿਲਕੁਲ ਠੀਕ ਹੈ। ਉਨ੍ਹਾਂ ਕਿਹਾ ਕਿ ਪੈਸੇ ਦੀ ਕੋਈ ਕਮੀ ਨਹੀਂ ਹੈ ਤੇ ਸਰਕਾਰੀ ਖ਼ਜ਼ਾਨੇ ਵਿੱਚ ਮੁਦਰਾ ਦਾ ਪ੍ਰਵਾਹ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਦੀ ਤਨਖਾਹ ਲਈ 3400 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। 




ਚੀਮਾ ਨੇ ਕਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸੀਐਸਐਫ/ਜੀਆਰਐਫ ਬਾਰੇ ਦਿਸ਼ਾ-ਨਿਰਦੇਸ਼ਾਂ ਤੇ ਮਾਪਦੰਡਾਂ ਅਨੁਸਾਰ ਰਕਮ ਕਢਵਾਉਣ ਸਬੰਧੀ ਵਿਸ਼ੇਸ਼ ਸਹੂਲਤ ਨੂੰ ਮੁੜ ਸੁਰਜੀਤ ਕਰਨ ਦੇ ਅਮਲ ਕਰਕੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਤ ਹੋਰ ਅਦਾਇਗੀਆਂ ਵਿੱਚ ਦੇਰੀ ਹੋਈ ਹੈ।



ਚੀਮਾ ਨੇ ਕਿਹਾ ਕਿ ਖਜ਼ਾਨੇ ਵਿਚੋਂ ਤਨਖਾਹਾਂ ਤੇ ਜੀਪੀਐਫ ਆਦਿ ਲਈ 2719 ਕਰੋੜ ਰੁਪਏ, ਬਿਜਲੀ ਦੀ ਸਬਸਿਡੀ ਵਜੋਂ ਪੀਐਸਪੀਸੀਐਲ ਨੂੰ ਅਦਾਇਗੀ ਲਈ 600 ਕਰੋੜ ਰੁਪਏ ਤੇ ਸ਼ੂਗਰਫੈਡ ਨੂੰ 75 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਜਦੋਂਕਿ ਬਾਕੀ ਅਦਾਇਗੀਆਂ ਅਗਲੇ ਦਿਨਾਂ ਵਿੱਚ ਕਰ ਦਿੱਤੀਆਂ ਜਾਣਗੀਆਂ।


ਉਧਰ, 'ਆਪ’ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨਾ ਦੇਣ ਦੇ ਭਾਜਪਾ ਦੇ ਦਾਅਵੇ ਝੂਠੇ ਹਨ। ਅਸਲ ’ਚ ‘ਆਪ’ ਦੀ ਵਧਦੀ ਹਰਮਨਪਿਆਰਤਾ ਨੇ ਭਾਜਪਾ ਨੂੰ ਬੇਚੈਨ ਕਰ ਦਿੱਤਾ ਹੈ। ਭਾਜਪਾ ਆਗੂ ‘ਆਪ’ ਸਰਕਾਰ ਨੂੰ ਬਦਨਾਮ ਕਰਨ ਲਈ ਬੇਬੁਨਿਆਦ ਦੋਸ਼ ਲਗਾ ਰਹੇ ਹਨ। 


ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨਾ ਸਿਰਫ਼ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਰਹੀ ਹੈ, ਸਗੋਂ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿੱਚ ਆਰਜ਼ੀ ਤੇ ਠੇਕਾ ਆਧਾਰਿਤ ਮੁਲਾਜ਼ਮਾਂ ਨੂੰ ਪੱਕੇ ਵੀ ਕਰ ਰਹੀ ਹੈ। ‘ਆਪ’ ਸਰਕਾਰ ਨੇ 17,000 ਨਵੀਆਂ ਨੌਕਰੀਆਂ ਦਿੱਤੀਆਂ ਹਨ ਤੇ 9000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਹੈ। ਚੱਢਾ ਨੇ ਕਿਹਾ ਕਿ ‘ਆਪ’ ਸਰਕਾਰ ਬਿਜਲੀ ਦੇ ਪੁਰਾਣੇ ਬਿੱਲ ਮੁਆਫ਼ ਕਰਨ ਮਗਰੋਂ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇ ਰਹੀ ਹੈ। ਹੋਰ ਬਹੁਤ ਸਾਰੇ ਲੋਕ-ਪੱਖੀ ਫੈਸਲੇ ਲਏ ਗਏ ਹਨ।