Corona in Punjab: ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਦੇਸ਼ ਦੇ ਹੋਰ ਸੂਬਿਆਂ ਦੇ ਮੁਕਾਬਲੇ ਪਿਛਲੇ ਹਫ਼ਤੇ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਸਭ ਤੋਂ ਵੱਧ ਵਾਧਾ ਦੇਖਿਆ ਗਿਆ ਹੈ। ਕੇਂਦਰ ਨੇ ਵੱਧ ਰਹੇ ਮਾਮਲਿਆਂ ਕਾਰਨ ਦੋਵਾਂ ਰਾਜਾਂ ਨੂੰ ਇਸ ਬਾਰੇ ਚੌਕਸ ਹੋਣ ਲਈ ਕਿਹਾ ਹੈ।
ਹਾਸਲ ਜਾਣਕਾਰੀ ਮੁਤਾਬਕ 19 ਤੇ 26 ਜੁਲਾਈ ਨੂੰ ਖ਼ਤਮ ਹੋਏ ਹਫ਼ਤਿਆਂ ਵਿਚਕਾਰ ਪੰਜਾਬ ਵਿੱਚ ਔਸਤ ਰੋਜ਼ਾਨਾ ਕੇਸ 2.48 ਗੁਣਾ ਵੱਧ ਕੇ 254 ਤੋਂ 631 ਹੋ ਗਏ, ਜਦੋਂਕਿ ਹਿਮਾਚਲ ਵਿੱਚ 384 ਕੇਸਾਂ ਤੋਂ 603 ਤੱਕ 1.57 ਗੁਣਾ ਵਾਧਾ ਹੋਇਆ, ਜੋ ਸਾਰੇ ਰਾਜਾਂ ਵਿੱਚ ਸਭ ਤੋਂ ਵੱਧ ਵਾਧਾ ਦਰ ਹੈ।
ਕੁੱਲ ਮਿਲਾ ਕੇ ਛੇ ਰਾਜਾਂ ਕੇਰਲਾ, ਮਹਾਰਾਸ਼ਟਰ, ਤਾਮਿਲਨਾਡੂ, ਪੱਛਮੀ ਬੰਗਾਲ, ਕਰਨਾਟਕ ਤੇ ਉੜੀਸਾ ’ਚ ਰੋਜ਼ਾਨਾ ਔਸਤਨ 1,000 ਤੋਂ ਵੱਧ ਕੋਵਿਡ ਕੇਸ ਆ ਰਹੇ ਹਨ, ਜਦੋਂਕਿ ਗੁਜਰਾਤ, ਅਸਾਮ, ਤਿਲੰਗਾਨਾ, ਦਿੱਲੀ, ਪੰਜਾਬ, ਹਿਮਾਚਲ ਤੇ ਛੱਤੀਸਗੜ੍ਹ 500 ਤੋਂ 1,000 ਦੇ ਵਿਚਕਾਰ ਕੇਸ ਆ ਰਹੇ ਹਨ।
ਦੱਸ ਦਈਏ ਕਿ ਬੁੱਧਵਾਰ ਸਵੇਰੇ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਇਨਫੈਕਸ਼ਨ ਕਾਰਨ 57 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਕੋਵਿਡ-19 ਦੇ 18,313 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਅਤੇ ਮੌਤਾਂ ਦੇ ਮਾਮਲਿਆਂ ਦੇ ਮੱਦੇਨਜ਼ਰ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ।
ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਹੁਣ ਦੇਸ਼ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 1,45,026 ਹੋ ਗਈ ਹੈ। ਨਾਲ ਹੀ, ਦੇਸ਼ ਵਿੱਚ ਹੁਣ ਤੱਕ ਆਏ ਕੋਰੋਨਾ ਦੇ ਕੁੱਲ ਮਾਮਲਿਆਂ ਵਿੱਚ ਸਰਗਰਮ ਮਾਮਲਿਆਂ ਦੀ ਹਿੱਸੇਦਾਰੀ 0.33 ਪ੍ਰਤੀਸ਼ਤ ਹੈ। ਇਸ ਦੇ ਨਾਲ ਹੀ ਦੇਸ਼ 'ਚ ਰਿਕਵਰੀ ਦਰ 98.47 ਫੀਸਦੀ ਹੈ।
ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 20,742 ਲੋਕਾਂ ਨੂੰ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਇਸ ਤੋਂ ਬਾਅਦ ਦੇਸ਼ ਵਿੱਚ ਹੁਣ ਤੱਕ ਕੁੱਲ 4,32,67,571 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਰੋਜ਼ਾਨਾ ਸਕਾਰਾਤਮਕਤਾ ਦਰ 4.31 ਪ੍ਰਤੀਸ਼ਤ ਹੈ। ਇਸ ਦੇ ਨਾਲ ਹੀ ਹਫਤਾਵਾਰੀ ਸਕਾਰਾਤਮਕਤਾ ਦਰ 4.57 ਫੀਸਦੀ ਹੈ। ਦੇਸ਼ ਵਿੱਚ ਹੁਣ ਤੱਕ 5,26,167 ਲੋਕਾਂ ਦੀ ਕੋਰੋਨਾ ਵਾਇਰਸ ਦੀ ਲਾਗ ਕਾਰਨ ਮੌਤ ਹੋ ਚੁੱਕੀ ਹੈ। ਨਾਲ ਹੀ, ਦੇਸ਼ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ 4,39,38,764 ਮਾਮਲੇ ਸਾਹਮਣੇ ਆਏ ਹਨ।