Punjab News: ਦਿੱਲੀ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਕਾਰਨ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਸੀਨੀਅਰ ਲੀਡਰ ਜੇਲ੍ਹਾਂ ਵਿੱਚ ਬੰਦ ਹਨ। ਵਿਰੋਧੀ ਪਾਰਟੀਆਂ ਇਸ ਨੂੰ ਕੱਟੜ ਇਮਾਨਦਾਰਾਂ ਦਾ ਵੱਡਾ ਘਪਲਾ ਦੱਸ ਰਹੀਆਂ ਹਨ। ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸੁਚੇਤ ਕੀਤਾ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਘਰ-ਘਰ ਸ਼ਰਾਬ ਪਹੁੰਚਾਉਣ ਦੀ ਚਾਲ ਨੂੰ ਭਾਰਤੀ ਜਨਤਾ ਪਾਰਟੀ ਨੇ ਨਾਕਾਮ ਕਰ ਦਿੱਤਾ ਹੈ। ਉਮੀਦ ਹੈ ਕਿ ਭਗਵੰਤ ਮਾਨ ਕੱਲ੍ਹ ਐਲਾਨੀਆਂ ਗਈਆਂ 43 ਹੋਰ ਸਰਕਾਰੀ ਸੇਵਾਵਾਂ ਦੇ ਨਾਲ ਪੰਜਾਬ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਦੀ ਯੋਜਨਾ ਨਹੀਂ ਬਣਾ ਰਹੇ ਹਨ।
CM ਨੇ ਚਲਾਈ ਹੈ ਨਵੀਂ ਯੋਜਨਾ
ਜ਼ਿਕਰ ਕਰ ਦਈਏ ਕਿ ਪੰਜਾਬ ਦੇ ਲੋਕਾਂ ਨੂੰ ਘਰ ਬੈਠੇ 43 ਸਰਕਾਰੀ ਸੇਵਾਵਾਂ ਮਿਲਣਗੀਆਂ। ਇਸ ਦੀ ਸ਼ੁਰੂਆਤ ਲੁਧਿਆਣਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੀਤੀ ਹੈ। ਸੀਐਮ ਮਾਨ ਨੇ ਕਿਹਾ ਕਿ ਇਸ ਨਾਲ ਲੋਕਾਂ ਦੀ ਖੱਜਲ-ਖੁਆਰੀ ਘਟੇਗੀ। ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ...."ਭਗਵੰਤ ਮਾਨ ਸਰਕਾਰ-ਤੁਹਾਡੇ ਦੁਆਰ!"...ਖੱਜਲ ਖ਼ੁਆਰੀ ਖ਼ਤਮ ਕਰਨ ਲਈ ਲੋਕਾਂ ਨੂੰ ਘਰੇ ਬੈਠੇ 43 ਸਰਕਾਰੀ ਸੇਵਾਵਾਂ ਦੇਣ ਦੀ ਸ਼ੁਰੂਆਤ.. ਇਸ ਸਕੀਮ ਤਹਿਤ ਪੰਜਾਬ ਦੇ ਲੋਕਾਂ ਨੂੰ ਘਰ ਬੈਠਿਆਂ ਵੱਖ-ਵੱਖ ਵਿਭਾਗਾਂ ਦੀਆਂ 43 ਨਾਗਰਿਕ ਸੇਵਾਵਾਂ ਦਾ ਲਾਭ ਮਿਲ ਸਕੇਗਾ ਜਿਨ੍ਹਾਂ ਵਿੱਚ ਜਨਮ, ਵਿਆਹ, ਮੌਤ, ਆਮਦਨ, ਰਿਹਾਇਸ਼, ਜਾਤੀ, ਪੇਂਡੂ ਖੇਤਰ, ਸਰਹੱਦੀ ਖੇਤਰ, ਪੱਛੜੇ ਖੇਤਰ, ਪੈਨਸ਼ਨ, ਬਿਜਲੀ ਬਿੱਲ ਦਾ ਭੁਗਤਾਨ, ਜ਼ਮੀਨ ਦੀ ਹੱਦਬੰਦੀ ਸਰਟੀਫਿਕੇਟ ਤੇ ਹੋਰ ਸਹੂਲਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ, ਸੂਬਾ ਸਰਕਾਰ ਨੇ ਅਸਲਾ ਲਾਇਸੈਂਸ, ਆਧਾਰ ਕਾਰਡ ਤੇ ਸਟੈਂਪ ਪੇਪਰ ਦੀ ਸੇਵਾ ਨੂੰ ਸਕੀਮ ਦੇ ਦਾਇਰੇ ਵਿੱਚੋਂ ਬਾਹਰ ਰੱਖਿਆ ਹੈ।