Punjab News: ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ.) ਦੇ ਮੁਹਾਲੀ ਸੈਂਟਰ ਵਿਖੇ ਖਿਡਾਰੀਆਂ ਦੇ ਸਵੇਰੇ ਦੇ ਖਾਣੇ ਦੌਰਾਨ ਸਿਹਤ ਖਰਾਬ ਹੋਣ ਦੀਆਂ ਆਈਆਂ ਮੀਡੀਆ ਰਿਪੋਰਟਾਂ ਦਾ ਗੰਭੀਰ ਨੋਟਿਸ ਲੈਂਦਿਆ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜਾਂਚ ਦੇ ਆਦੇਸ਼ ਦਿੰਦਿਆਂ ਤਿੰਨ ਦਿਨਾਂ ਦੇ ਅੰਦਰ ਕਾਰਵਾਈ ਰਿਪੋਰਟ ਮੰਗੀ ਹੈ।


ਮੀਤ ਹੇਅਰ ਨੇ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਨੂੰ ਇਸ ਸਾਰੇ ਮਾਮਲੇ ਦੀ ਜਾਂਚ ਕਰਕੇ ਇਸ ਦੀ ਐਕਸ਼ਨ ਟੇਕਨ ਰਿਪੋਰਟ ਤਿੰਨ ਦਿਨਾਂ ਦੇ ਅੰਦਰ ਸੌਂਪਣ ਲਈ ਆਖਿਆ ਹੈ। ਖੇਡ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਸਰਕਾਰ ਖਿਡਾਰੀਆਂ ਦੀ ਸਿਹਤ ਤੇ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਕੋਤਾਹੀ ਸਾਹਮਣੇ ਆਈ ਤਾਂ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।


ਜ਼ਿਕਰ ਕਰ ਦਈਏ ਕਿ ਮੋਹਾਲੀ ਦੇ ਫੇਜ਼ 9 ਵਿੱਚ ਸਥਿਤ ਇੱਕ ਇਨਡੋਰ ਸਪੋਰਟਸ ਸਟੇਡੀਅਮ ਵਿੱਚ ਦਲੀਆ ਖਾਣ ਤੋਂ ਬਾਅਦ ਬੱਚਿਆਂ ਦੀ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਇਹ ਦਲੀਆ ਖਾਣ ਵਾਲੇ ਸਾਰੇ 48 ਬੱਚਿਆਂ ਨੂੰ ਫੇਜ਼ 6 ਦੇ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।


ਇਸ ਬਾਰੇ ਬਿਮਾਰ ਹੋਏ ਖਿਡਾਰੀਆਂ ਨੇ ਦੱਸਿਆ ਕਿ ਜਦੋਂ ਖਿਡਾਰੀਆਂ ਨੇ ਦਲੀਆ ਖਾ ਲਿਆ ਉਸ ਤੋਂ ਬਾਅਦ ਇੱਕ ਬੱਚੇ ਨੇ ਦਲੀਏ ਵਿੱਚ ਕਿਰਲੀ ਦੇਖੀ ਜਿਸ ਤੋਂ ਬਾਅਦ ਮੌਕੇ 'ਤੇ ਹੀ ਚਾਰ-ਪੰਜ ਬੱਚਿਆਂ ਨੂੰ ਉਲਟੀਆਂ ਆਉਣ ਲੱਗੀਆਂ, ਜਿਸਦੀ ਸੂਚਨਾ ਤੁਰੰਤ ਉੱਥੇ ਮੌਜੂਦ ਕੋਚ ਨੂੰ ਦਿੱਤੀ ਗਈ। ਇਸ ਤੋਂ ਬਾਅਦ ਸਾਰੇ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ।


ਇਸ ਬਾਰੇ ਬੱਚਿਆਂ ਦਾ ਇਲਾਜ ਕਰ ਰਹੇ ਡਾਕਟਰ ਰਾਜਵੀਰ ਸਿੰਘ ਨੇ ਦੱਸਿਆ ਕਿ ਘਰਾਂ 'ਚ ਮਿਲਣ ਵਾਲੀਆਂ ਕਿਰਲੀਆਂ ਜ਼ਹਿਰੀਲੀਆਂ ਨਹੀਂ ਹੁੰਦੀਆਂ, ਦਲੀਏ 'ਚ ਕਿਰਲੀਆਂ ਦੇਖ ਕੇ ਬੱਚਿਆਂ ਨੂੰ ਘਬਰਾਹਟ ਕਾਰਨ ਉਲਟੀਆਂ ਆ ਜਾਂਦੀਆਂ ਹਨ, ਇਸ ਦਾ ਕਾਰਨ ਬੱਚਿਆਂ ਦੇ ਅੰਦਰ ਦਾ ਡਰ ਹੀ ਹੈ, ਸਾਰੇ ਬੱਚਿਆਂ ਦੀ ਹਾਲਤ ਠੀਕ ਹੈ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।