ਅੰਮ੍ਰਿਤਸਰ: ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਮਾਮਲੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਜਾਂਚ ਕਮੇਟੀ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਆਪਣੀ ਮੁੱਢਲੀ ਰਿਪੋਰਟ ਸੌਂਪ ਦਿੱਤੀ ਹੈ। ਭਾਈ ਲੌਂਗੋਵਾਲ ਨੇ ਦੱਸਿਆ ਕਿ ਰਿਪੋਰਟ ਦੇ ਅਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਤੇ ਦੋਸ਼ੀਆਂ ਖਿਲਾਫ਼ ਪੁਲਿਸ ਕੇਸ ਦਰਜ ਕੀਤਾ ਜਾਵੇਗਾ। ਭਾਈ ਲੌਂਗੋਵਾਲ ਮੁਤਾਬਕ ਜਾਂਚ ਕਮੇਟੀ ਨੇ ਬਾਬਾ ਜਗਤਾਰ ਸਿੰਘ ਨੂੰ ਅੱਗੇ ਤੋਂ ਕਿਸੇ ਵੀ ਹੋਰ ਗੁਰਦੁਆਰਾ ਸਾਹਿਬ ਦੀ ਕਾਰਸੇਵਾ ਨਾ ਦੇਣ ਦੀ ਵੀ ਸਿਫਾਰਸ਼ ਕੀਤੀ ਹੈ।

ਯਾਦ ਰਹੇ ਬੀਤੇ ਦਿਨੀਂ ਰਾਤ ਦੇ ਹਨੇਰੇ ਵਿੱਚ ਕਾਰਸੇਵਾ ਵਾਲੇ ਬਾਬਾ ਜਗਤਾਰ ਸਿੰਘ ਵੱਲੋਂ ਦਰਸ਼ਨੀ ਡਿਉੜੀ ਢਾਹੀ ਗਈ ਸੀ, ਜਿਸ ਮਗਰੋਂ ਭਾਈ ਲੌਂਗੋਵਾਲ ਨੇ ਤੁਰੰਤ ਕਾਰਵਾਈ ਕਰਦਿਆਂ ਬਾਬਾ ਜਗਤਾਰ ਸਿੰਘ ਦੀਆਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਤੋਂ ਸਾਰੀਆਂ ਸੇਵਾਵਾਂ ਰੋਕ ਦਿੱਤੀਆਂ ਸੀ ਤੇ ਜਾਂਚ ਲਈ ਕਮੇਟੀ ਗਠਿਤ ਕੀਤੀ ਸੀ।

ਭਾਈ ਲੌਂਗੋਵਾਲ ਨੇ ਦੱਸਿਆ ਕਿ ਦਰਸ਼ਨੀ ਡਿਉੜੀ ਢਾਹੇ ਜਾਣ ਨਾਲ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਹ ਧਾਰਮਿਕ ਤੇ ਮਰਯਾਦਾ ਸਬੰਧੀ ਹੋਈ ਅਵੱਗਿਆ ਦਾ ਮਾਮਲਾ ਹੈ, ਜਿਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਦਰਸ਼ਨੀ ਡਿਉੜੀ ਪਹਿਲਾਂ ਦੀ ਤਰ੍ਹਾਂ ਹੂ-ਬ-ਹੂ ਆਪ ਮੁਰੰਮਤ ਕਰਵਾਈ ਜਾਵੇਗੀ ਤੇ ਇਹ ਕਾਰਜ ਮਾਹਿਰਾਂ ਦੀ ਨਿਗਰਾਨੀ ਵਿੱਚ 6 ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਹੋਵੇਗਾ।

ਭਾਈ ਲੌਂਗੋਵਾਲ ਨੇ ਕਿਹਾ ਕਿ ਜਾਂਚ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਲਈ ਸ਼੍ਰੋਮਣੀ ਕਮੇਟੀ ਵੱਚਨਬਧ ਹੈ। ਇਸ ਦੇ ਨਾਲ ਹੀ ਭਾਈ ਲੌਂਗੋਵਾਲ ਨੇ ਕਿਹਾ ਕਿ ਘਟਨਾ ਵਾਪਰਨ ਦੇ ਕਾਰਨਾਂ ਦੀ ਤਹਿ ਤੱਕ ਜਾਣ ਲਈ ਜਾਂਚ ਜਾਰੀ ਰੱਖੀ ਜਾਵੇਗੀ।