ਚੰਡੀਗੜ੍ਹ: ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸੁੱਚਾ ਸਿੰਘ ਖੱਟੜਾ, ਪ੍ਰੋ. ਭੀਮ ਇੰਦਰ ਸਿੰਘ ਅਤੇ ਅਨੰਦ ਪ੍ਰਕਾਸ਼ ਸ਼ਰਮਾ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਕਾਦਮਿਕ ਕੌਂਸਲ ਦੇ ਮੈਂਬਰ ਨਾਮਜ਼ਦ ਕੀਤਾ ਹੈ।
ਨਿਯੁਕਤ ਕੀਤੇ ਮੈਂਬਰਾਂ ਵਿੱਚੋਂ ਸ. ਸੁੱਚਾ ਸਿੰਘ ਖੱਟੜਾ ਰੂਪਨਗਰ ਜ਼ਿਲ੍ਹੇ ਦੇ ਅਨੰਦਪੁਰ ਸਾਹਿਬ ਬਲਾਕ ਦੇ ਸਰਕਾਰੀ ਹਾਈ ਸਕੂਲ ਦਸਗ੍ਰਾਈ ਤੋਂ ਸਮਾਜਿਕ ਸਿੱਖਿਆ ਅਧਿਆਪਕ ਵੱਲੋਂ ਸੇਵਾਮੁਕਤ ਹੋਏ ਹਨ। ਖੱਟੜਾ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ 12 ਸਾਲ ਜਨਰਲ ਸਕੱਤਰ ਰਹੇ ਹਨ। ਜਨਰਲ ਸਕੱਤਰ ਰਹਿਣ ਤੋਂ ਇਲਾਵਾ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਇਜ਼ ਦੇ ਵਾਈਸ ਚੇਅਰਮੈਨ ਵੀ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਚਲਾਈ ਗਈ ‘ਪੜ੍ਹੋ ਪੰਜਾਬ’ ਸਕੀਮ ਸਬੰਧੀ ਰੀਵਿਊ ਕਮੇਟੀ ਦੇ ਮੈਂਬਰ ਵੀ ਰਹੇ ਹਨ।
ਅਕਾਦਮਿਕ ਕੌਂਸਲ ਦੇ ਨਿਯੁਕਤ ਕੀਤੇ ਗਏ ਦੂਸਰੇ ਮੈਂਬਰ ਪ੍ਰੋ. ਭੀਮ ਇੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾਉਣ ਦੇ ਨਾਲ-ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਦੇ ਚੇਅਰਮੈਨ ਵੀ ਹਨ। ਉਹ ਲੰਬੇ ਸਮੇਂ ਤੋਂ ਸਿੱਖਿਆ ਦੇ ਖੇਤਰ ਨਾਲ ਜੁੜੇ ਹਨ। ਉਹਨਾਂ ਨੇ ਪੰਜਾਬੀਆਂ ਦੀ ਰਾਜਨੀਤਿਕ ਚੇਤਨਾ ਦੇ ਵਿਸ਼ੇ ‘ਤੇ ਪੀ.ਐਚ.ਡੀ. ਦੀ ਡਿਗਰੀ ਵੀ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਦੀ ਮਾਰਕਸਵਾਦੀ ਆਲੋਚਨਾ ਵਿਧੀ ‘ਤੇ ਬਹੁਤ ਡੂੰਘੀ ਪਕੜ ਹੈ।
ਜ਼ਿਕਰ ਕਰ ਦਈਏ ਕਿ ਅਕਾਦਮਿਕ ਕੌਂਸਲ ਦੇ ਨਿਯੁਕਤ ਕੀਤੇ ਗਏ ਤੀਜੇ ਮੈਂਬਰ ਅਨੰਦ ਪ੍ਰਕਾਸ਼ ਸ਼ਰਮਾ ਪਿਛਲੇ 30 ਸਾਲਾਂ ਤੋਂ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਏ ਹਨ। ਕੁੰਦਨ ਵਿਦਿਆ ਮੰਦਿਰ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਅ ਰਹੇ ਸ੍ਰੀ ਸ਼ਰਮਾ ਨੂੰ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਕਈ ਕੌਮੀ ਪੱਧਰ ਦੇ ਪੁਰਸਕਾਰ ਹਾਸਲ ਹਨ, ਜਿਹਨਾਂ ਵਿੱਚ ਮੁੱਖ ਤੌਰ ‘ਤੇ ਸੀ.ਬੀ.ਐਸ.ਈ. ਐਵਾਰਡ, ਯੂਨੈਸਕੋ ਅਤੇ ਦਿੱਲੀ ਕਮਿਸ਼ਨ ਫ਼ਾਰ ਵੂਮੈਨ ਵੱਲੋਂ ਐਵਾਰਡ, ਭਾਰਤ ਦੇ ਰਾਸ਼ਟਰਪਤੀ ਤੋਂ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਐਵਾਰਡ ਹਾਸਲ ਕਰਨ ਤੋਂ ਇਲਾਵਾ 300 ਤੋਂ ਵੱਧ ਵਰਕਸ਼ਾਪਾਂ ਵਿੱਚ ਭਾਗ ਲਿਆ ਹੈ। ਸ਼ਰਮਾ ਨੂੰ ‘ਡਿਜ਼ਾਇਨ ਥਿੰਕਿੰਗ’ ਦੇ ਮਾਹਰ ਵਜੋਂ ਵਿਲੀਅਮ ਡੀ ਕੂਨਿੰਗ ਅਕੈਡਮੀ ਨੀਦਰਲੈਂਡ ਅਤੇ ਐਮ.ਆਈ.ਟੀ. ਯੂ.ਐਸ.ਏ. ਨਾਲ ਕੰਮ ਕਰਨ ਦਾ ਤਜ਼ਰਬਾ ਹੈ।