ਚੰਡੀਗੜ੍ਹ : ਪੰਜਾਬ 'ਚ 4-ਸਟਾਰ ਹੋਟਲ ਦੇ 2.18 ਲੱਖ ਦੇ ਬਿੱਲ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿਚਾਲੇ ਹੰਗਾਮਾ ਹੋ ਗਿਆ ਹੈ। ਜਲੰਧਰ ਦੇ ਇਸ ਹੋਟਲ 'ਚ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੀਐੱਮ ਭਗਵੰਤ ਮਾਨ ਠਹਿਰੇ। ਜਿਸ ਦਾ 2.18 ਲੱਖ ਦਾ ਬਿੱਲ ਪ੍ਰਸ਼ਾਸਨ ਨੂੰ ਭੇਜ ਦਿੱਤਾ ਗਿਆ ਹੈ। ਇਸ ਗੱਲ ਦਾ ਖੁਲਾਸਾ ਹੁੰਦੇ ਹੀ ਕਾਂਗਰਸ ਹਮਲਾਵਰ ਹੋ ਗਈ। ਵਿਧਾਇਕ ਪਰਗਟ ਸਿੰਘ ਅਤੇ ਸੁਖਪਾਲ ਖਹਿਰਾ ਨੇ ਸਵਾਲ ਕੀਤਾ ਕਿ ਸਰਕਟ ਹਾਊਸ ਥੋੜੀ ਦੂਰੀ 'ਤੇ ਸੀ, ਉਹ ਉੱਥੇ ਕਿਉਂ ਨਹੀਂ ਰੁਕੇ? ਸਰਕਾਰ ਇਸ ਪ੍ਰੋਗਰਾਮ ਲਈ ਪੈਸੇ ਕਿਉਂ ਦੇਵੇ?
ਦਰਅਸਲ 15 ਜੂਨ ਨੂੰ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਜਲੰਧਰ ਤੋਂ ਨਵੀਂ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਈ ਬੱਸਾਂ ਨੂੰ ਹਰੀ ਝੰਡੀ ਦੇ ਦਿੱਤੀ ਸੀ। ਆਰ.ਟੀ.ਆਈ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਉਹ ਕਰੀਬ 3 ਘੰਟੇ ਹੋਟਲ 'ਚ ਰਹੇ। ਇਸ ਦੌਰਾਨ 6 ਕਮਰਿਆਂ 'ਤੇ 1.37 ਲੱਖ ਰੁਪਏ ਅਤੇ 38 ਲੰਚ ਬਾਕਸ 'ਤੇ 80,712 ਰੁਪਏ ਖਰਚ ਕੀਤੇ ਗਏ। ਇਸ ਤੋਂ ਇਲਾਵਾ 'ਆਪ' ਦੇ ਦਿੱਲੀ ਆਗੂ ਰਾਮ ਕੁਮਾਰ ਝਾਅ ਦੇ ਠਹਿਰਨ 'ਤੇ 50,902 ਰੁਪਏ ਕੇਜਰੀਵਾਲ ਦੀ ਰੂਮ ਸਰਵਿਸ 'ਤੇ 17788 ਰੁਪਏ, ਸੀਐੱਮ ਮਾਨ ਦੀ ਰੂਮ ਸਰਵਿਸ 'ਤੇ 22,836 ਰੁਪਏ, ਦਿੱਲੀ ਟਰਾਂਸਪੋਰਟ ਕੈਲਾਸ਼ ਗਹਿਲੋਤ 'ਤੇ 15460 ਰੁਪਏ, ਪ੍ਰਕਾਸ਼ ਝਾਅ 'ਤੇ 22416 ਰੁਪਏ ਅਤੇ 8062 ਰੁਪਏ ਖਰਚ ਕੀਤੇ ਗਏ ਹਨ।