Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਕੋਵਿਡ ਮਹਾਮਾਰੀ ਦੀ ਤਾਜ਼ਾ ਲਹਿਰ ਦੇ ਮੱਦੇਨਜ਼ਰ ਸੰਭਾਵਿਤ ਖ਼ਤਰੇ ਨਾਲ ਨਜਿੱਠਣ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ।ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ ਵਿਚ ਮੁੱਖ ਮੰਤਰੀ ਨੇ ਕੋਵਿਡ ਸਬੰਧੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੱਦੀ ਮੀਟਿੰਗ ਦੌਰਾਨ ਸੂਬਾ ਸਰਕਾਰ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।


ਮੁੱਖ ਮੰਤਰੀ ਨੇ ਕੋਵਿਡ ਵਾਇਰਸ ਦੇ ਫੈਲਾਅ ਨੂੰ ਰੋਕਣ ਅਤੇ ਹਰੇਕ ਵਿਅਕਤੀ ਦੀ ਸਿਹਤ ਦੀ ਰਾਖੀ ਲਈ ਜ਼ੋਰ ਦਿੰਦੇ ਹੋਏ ਸਾਰੀਆਂ ਵਿਦਿਅਕ ਸੰਸਥਾਵਾਂ, ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਅਤੇ ਅੰਦਰੂਨੀ ਤੇ ਬਾਹਰੀ ਇਕੱਠਾਂ, ਮਾਲਜ਼, ਜਨਤਕ ਥਾਵਾਂ ਆਦਿ ਵਿੱਚ ਮਾਸਕ ਪਾਉਣ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਦੇ ਅਨੁਕੂਲ ਇਹਤਿਆਤੀ ਕਦਮਾਂ ਜਿਵੇਂ ਕਿ ਸਮਾਜਿਕ ਦੂਰੀ, ਜਨਤਕ ਥਾਵਾਂ ਉਤੇ ਨਾ ਥੁੱਕਣ ਅਤੇ ਹੋਰ ਸਾਵਧਾਨੀਆਂ ਦੀ ਵਰਤੋਂ ਦੀ ਪੂਰੀ ਪਾਲਣਾ ਕੀਤੀ ਜਾਵੇ।


ਭਗਵੰਤ ਮਾਨ ਨੇ ਸਿਹਤ ਵਿਭਾਗ ਨੂੰ ਇਹ ਯਕੀਨੀ ਬਣਾਉਣ ਲਈ ਆਖਿਆ ਕਿ ਜੇ ਕਿਸੇ ਵਿਅਕਤੀ ਵਿੱਚ ਕਰੋਨਾ ਦੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਕੋਵਿਡ ਟੈਸਟ ਕਰਵਾਉਣ ਦੇ ਨਾਲ-ਨਾਲ ਇਸ ਨਾਲ ਸਬੰਧਤ ਸਾਵਧਾਨੀਆਂ ਵੀ ਵਰਤੀਆਂ ਜਾਣ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਵੀ ਆਪੋ-ਆਪਣੇ ਜ਼ਿਲ੍ਹਿਆਂ ਵਿਚ ਪ੍ਰਬੰਧਾਂ ਦਾ ਲਗਾਤਾਰ ਜਾਇਜ਼ਾ ਲੈਣ ਲਈ ਆਖਿਆ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੋਵਿਡ ਦੀ ਕਿਸੇ ਵੀ ਤਰ੍ਹਾਂ ਦੀ ਸੰਭਾਵੀ ਸਥਿਤੀ ਨਾਲ ਨਿਪਟਣ ਲਈ ਪੰਜਾਬ ਸਰਕਾਰ ਸੂਬਾ ਪੱਧਰੀ ਕੰਟਰੋਲ ਰੂਮ ਸਥਾਪਤ ਕਰੇਗੀ। ਕੋਵਿਡ ਟੈਸਟ ਕਰ ਰਹੇ ਸਾਰੇ ਹਸਪਤਾਲਾਂ, ਲੈਬਾਰਟਰੀਆਂ, ਕੁਲੈਕਸ਼ਨ ਸੈਂਟਰਾਂ ਨੂੰ ਪੰਜਾਬ ਸਰਕਾਰ ਦੇ ਕੋਵਾ ਪੋਰਟਲ ਉਤੇ ਕੋਵਿਡ ਟੈਸਟਾਂ ਦੀਆਂ ਪਾਜ਼ੇਟਿਵ ਤੇ ਨੈਗੇਟਿਵ ਰਿਪੋਰਟਾਂ ਅਪਲੋਡ ਕੀਤੀਆਂ ਜਾਣ ਅਤੇ ਇਸ ਤੋਂ ਇਲਾਵਾ ਸਬੰਧਤ ਜ਼ਿਲ੍ਹਾ ਤੇ ਸੂਬਾ ਪੱਧਰ ਦੇ ਕੋਵਿਡ-19 ਸੈੱਲ ਨੂੰ ਟੈਸਟਾਂ ਬਾਰੇ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਈ ਜਾਵੇ।


ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੀ ਕੋਵਿਡ-19 ਦੀ ਦੂਜੀ ਖੁਰਾਕ ਅਤੇ ਇਹਤਿਆਤੀ ਖੁਰਾਕ ਲਗਵਾਉਣ ਤੋਂ ਰਹਿੰਦੀ ਹੈ, ਉਨ੍ਹਾਂ ਨੂੰ ਛੇਤੀ ਤੋਂ ਛੇਤੀ ਇਹ ਖੁਰਾਕ ਲੈ ਲੈਣੀ ਚਾਹੀਦੀ ਹੈ। ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਆਖਿਆ ਕਿ ਇਸ ਸਬੰਧ ਵਿਚ ਸਰਕਾਰ ਦੇ ਫੈਸਲੇ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਅਤੇ ਇਸ ਦਾ ਅਮਲ ਕਰਵਾਇਆ ਜਾਵੇ। ਮੁੱਖ ਮੰਤਰੀ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਕੰਮਾਂ ਉਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਹੁਣ ਤੱਕ 2 ਕਰੋੜ 10 ਲੱਖ 80 ਹਜ਼ਾਰ ਸੈਂਪਲ ਲਏ ਜਾ ਚੁੱਕੇ ਹਨ ਅਤੇ ਔਸਤਨ ਰੋਜ਼ਾਨਾ 2500 ਆਰ.ਟੀ.-ਪੀ.ਸੀ.ਆਰ. ਅਤੇ ਆਰ.ਏ.ਟੀ. ਟੈਸਟ ਕੀਤੇ ਜਾ ਰਹੇ ਹਨ। 


ਉਨ੍ਹਾਂ ਕਿਹਾ ਕਿ ਹਰੇਕ ਸਬ-ਡਿਵੀਜ਼ਨਲ ਹਸਪਤਾਲ ਵਿੱਚ ਇਹ ਟੈਸਟ ਹਰੇਕ ਸ਼ਨਿੱਚਰਵਾਰ ਤੇ ਐਤਵਾਰ ਨੂੰ ਵੀ ਕੀਤੇ ਜਾਂਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਕੋਰੋਨਾ ਦੀ ਪਾਜ਼ੇਟੀਵਿਟੀ ਦਰ 0.02 ਫੀਸਦੀ ਰਹੀ ਅਤੇ ਪਿਛਲੇ ਦੋ ਮਹੀਨਿਆਂ ਤੋਂ ਪਾਜ਼ੇਟੀਵਿਟੀ ਦਰ 0.1 ਫੀਸਦੀ ਤੋਂ ਵੀ ਘੱਟ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ ਲਈ ਆਕਸੀਜਨ ਦੀ ਵਿਵਸਥਾ ਵਾਲੇ ਰਾਖਵੇਂ ਲੈਵਲ-2 ਬੈੱਡਾਂ ਦੀ ਗਿਣਤੀ 790 ਹੈ ਅਤੇ ਲੋੜ ਪੈਣ ਉਤੇ ਬੱਚਿਆਂ ਲਈ 324 ਆਈ.ਸੀ.ਯੂ. ਬੈੱਡ ਵੀ ਉਪਲਬਧ ਕਰਵਾਏ ਜਾਣਗੇ। 


ਉਨ੍ਹਾਂ ਕਿਹਾ ਕਿ ਲੋੜ ਪੈਣ ਉਤੇ 3518 ਹੋਰ ਲੈਵਲ-2 ਅਤੇ 142 ਹੋਰ ਆਈ.ਸੀ.ਯੂ. ਬੈੱਡ ਮੁਹੱਈਆ ਕੀਤੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਜ਼ਰੂਰਤ ਹੋਣ ਉਤੇ 14701 ਲੈਵਲ-2 ਅਤੇ 3132 ਲੈਵਲ-3 ਬੈੱਡ ਉਪਲਬਧ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਭਰ ਵਿੱਚ 23 ਲਿਕੁਅਡ ਮੈਡੀਕਲ ਆਕਸੀਜਨ (ਐਲ.ਐਮ.ਓ.) ਸਟੋਰੇਜ਼ ਟੈਂਕ (ਐਮ.ਜੀ.ਪੀ.ਐਸ. ਸਮੇਤ) ਲਗਾ ਦਿੱਤੇ ਗਏ ਹਨ ਅਤੇ 87 ਪ੍ਰੈਸ਼ਰ ਸਵਿੰਗ ਅਬਸੌਰਪਸ਼ਨ ਪਲਾਂਟ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਹਸਪਤਾਲਾਂ ਵਿੱਚ ਸਰਦੀ-ਜ਼ੁਕਾਮ, ਬਿਮਾਰੀ, ਸਾਹ ਲੈਣ ਵਿੱਚ ਦਿੱਕਤ ਅਤੇ ਲਾਗ ਤੋਂ ਪੀੜਤ ਮਰੀਜ਼ਾਂ ਦੀ ਟੈਸਟਿੰਗ ਵਧਾਉਣ ਲਈ ਅਧਿਕਾਰੀਆਂ ਨੂੰ ਕਿਹਾ ਗਿਆ ਹੈ।


ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਕੋਵਿਡ ਪਾਜ਼ੇਟਿਵ ਆਉਣ ਵਾਲੇ ਸਾਰੇ ਮਰੀਜ਼ਾਂ ਦੀ ਸਮੁੱਚੀ ਜੀਨੋਮ ਸਿਕੁਐਂਸਿੰਗ (ਕੋਰੋਨਾ ਦੇ ਵਿਸ਼ਾਣੂ ਦੀ ਉਤਪੱਤੀ) ਦਾ ਪਤਾ ਲਾਉਣਾ ਵੀ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਇਸ ਗੱਲ ਉਤੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਹੁਣ ਤੱਕ 98 ਫੀਸਦੀ ਤੋਂ ਵੱਧ ਆਬਾਦੀ ਨੂੰ ਕੋਵਿਡ-19 ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਅਤੇ 86 ਫੀਸਦੀ ਆਬਾਦੀ ਦੇ ਦੂਜੀ ਖੁਰਾਕ ਵੀ ਲੱਗ ਚੁੱਕੀ ਹੈ ਪਰ ਉਨ੍ਹਾਂ ਫਿਰ ਵੀ ਲੋਕਾਂ ਨੂੰ ਕਿਹਾ ਕਿ ਸਾਨੂੰ ਨਵੀਂ ਲਹਿਰ ਦੇ ਫੈਲਾਅ ਨੂੰ ਰੋਕਣ ਲਈ ਪੂਰੀ ਤਰ੍ਹਾਂ ਚੌਕਸ ਰਹਿਣਾ ਚਾਹੀਦਾ ਹੈ।