ਚੰਡੀਗੜ੍ਹ: ਬੀਤੀ ਰਾਤ ਪੰਚਕੂਲਾ ਜ਼ਿਲ੍ਹੇ ਅਧੀਨ ਪੈਂਦੇ ਸਕੇਤੜੀ ਦੇ ਪ੍ਰਾਚੀਨ ਸ਼ਿਵ ਮੰਦਰ ਵਿੱਚੋਂ ਭਗਵਾਨ ਦੀਆਂ ਮੂਰਤੀਆਂ ਦੇ ਸੋਨੇ ਤੇ ਚਾਂਦੀ ਦੇ ਮੁਕਟ ਤੇ ਹੋਰ ਗਹਿਣਿਆਂ ਦੇ ਨਾਲ-ਨਾਲ ਪੂਜਣਯੋਗ ਵਸਤਾਂ ਦੀ ਚੋਰੀ ਹੋਣ ਦੀ ਖ਼ਬਰ ਹੈ।

ਮੰਦਰ ਦੇ ਪ੍ਰਬੰਧਕਾਂ ਨੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਦੱਸਿਆ ਕਿ ਛੇ ਚੋਰਾਂ ਨੇ ਐਤਵਾਰ ਰਾਤ ਮੰਦਰ ਨੂੰ ਨਿਸ਼ਾਨਾ ਬਣਾਇਆ। ਚੋਰੀ ਹੋਈਆਂ ਮੂਰਤੀਆਂ ਤੇ ਗਹਿਣਿਆਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾਂਦੀ ਹੈ, ਹਾਲੇ ਇਸ ਦੀ ਪੂਰੀ ਕੀਮਤ ਬਾਰੇ ਹਿਸਾਬ ਲਾਇਆ ਜਾਣਾ ਹੈ। ਪ੍ਰਬੰਧਕਾਂ ਮੁਤਾਬਕ ਛੇ ਵਿੱਚੋਂ ਚਾਰ ਮੰਦਰਾਂ ਵਿੱਚ ਚੋਰੀ ਹੋਈ ਹੈ।

ਪੰਚਕੂਲਾ ਪੁਲਿਸ ਤੇ ਫੋਰੈਂਸਿਕ ਟੀਮ ਨੇ ਮੰਦਰ ਵਿੱਚ ਪੁੱਜ ਕੇ ਪੜਤਾਲ ਆਰੰਭ ਦਿੱਤੀ ਹੈ। ਪੁਲਿਸ ਨੂੰ ਮੁੱਖ ਮੰਦਰ ਵਾਲੇ ਖੇਤਰ ਦਾ ਜਿੰਦਰਾ ਟੁੱਟਿਆ ਹੋਇਆ ਮਿਲਿਆ ਹੈ। ਮੰਦਰ ਦੇ ਬਾਕੀ ਦਰਵਾਜ਼ਿਆਂ ਦੇ ਜਿੰਦੇ ਨਹੀਂ ਤੋੜੇ ਗਏ ਬਲਕਿ ਜਿੰਦੇ ਸਮੇਤ ਕੁੰਡੀ ਹੀ ਤੋੜ ਦਿੱਤੀ ਗਈ।