ਬਰਨਾਲਾ: ਸੂਬੇ 'ਚ ਕਰਫਿਊ ਦੌਰਾਨ ਜ਼ਿਲ੍ਹਾ ਬਰਨਾਲਾ ਦੇ ਸੁਨਸਾਨ ਠੇਕੇ 'ਚੋਂ 17 ਪੇਟੀਆਂ ਦੇਸੀ ਸ਼ਰਾਬ ਚੋਰੀ ਹੋਣ ਦੀ ਖਬਰ ਮਿਲੀ ਹੈ। ਠੇਕੇ 'ਚ ਵੱਡੀ ਮਾਤਰਾ ਵਿੱਚ ਸ਼ਰਾਬ ਪਈ ਹੋਈ ਸੀ। ਸ਼ਰਾਬ ਕਾਰੋਬਾਰੀ ਨੇ ਠੇਕੇ ਤੇ ਕਰਿੰਦੇ ਨਾ ਹੋਣ ਕਾਰਨ ਠੇਕੇ ਤੇ ਪਈ ਸ਼ਰਾਬ ਨੂੰ ਸ਼ਿਫਟ ਕਰਨ ਦੀ ਇਜਾਜ਼ਤ ਮੰਗੀ ਹੈ।


ਇਸ ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਠੇਕੇਦਾਰ ਅੰਕਿਤ ਸੂਦ ਨੇ ਦੱਸਿਆ ਕਿ ਉਸ ਦਾ ਠੇਕਾ ਖੁੱਡੀ ਰੋਡ 'ਤੇ ਹੈ। ਠੇਕੇ ਤੇ ਕਰਿੰਦੇ ਨਾ ਹੋਣ ਕਾਰਨ ਖਾਲੀ ਪਿਆ ਸੀ, ਉਸ ਨੂੰ ਨੇੜੇ ਦੇ ਖੇਤਾਂ ਤੋਂ ਫੋਨ ਆਇਆ ਕਿ ਉਸ ਦੇ ਠੇਕੇ 'ਚ ਚੋਰੀ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਚੋਰਾਂ ਦੇ ਹੱਥ ਤੇ ਸੱਟ ਵੱਜਣ ਕਾਰਨ ਵੱਡੀ ਚੋਰੀ ਹੋਣ ਤੋਂ ਬਚ ਗਈ ਕਿਉਂਕਿ ਉਨ੍ਹਾਂ ਦੇ ਇਸ ਠੇਕੇ 'ਚ ਵੱਡੀ ਮਾਤਰਾ 'ਚ ਅੰਗਰੇਜ਼ੀ ਤੇ ਦੇਸੀ ਸ਼ਰਾਬ ਪਈ ਹੋਈ ਸੀ।

ਇਸ ਮਾਮਲੇ 'ਤੇ ਬਰਨਾਲਾ ਦੇ ਡੀਐਸਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਪੁਲਿਸ ਨੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰਨ ਦਾ ਭਰੋਸਾ ਦਵਾਇਆ ਹੈ।