ਕੈਪਟਨ ਦੇ ਦਾਅਵੇ ਝੂਠੇ! ਇਤਿਹਾਸ 'ਚੋਂ ਸਿੱਖ ਤੇ ਪੰਜਾਬੀ ਬਾਹਰ, ਲਿਖਿਆ ਊਧਮ ਸਿੰਘ ਨੇ ਚੁੱਕੀ ਸੀ ਹੀਰ ਦੀ ਸਹੁੰ
ਏਬੀਪੀ ਸਾਂਝਾ | 03 May 2018 12:38 PM (IST)
ਚੰਡੀਗੜ੍ਹ: ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬ੍ਹਾਰਵੀਂ ਜਮਾਤ ਦੀ ਕਿਤਾਬ ਵਿੱਚੋਂ ਸਿੱਖ ਇਤਿਹਾਸ ਨਾਲ ਛੇੜਛਾੜ ਕਰਨ ਤੋਂ ਇਨਕਾਰ ਕਰ ਰਹੇ ਹਨ ਪਰ ਇਸ ਬਾਰੇ ਸ਼੍ਰੋਮਣੀ ਕਮੇਟੀ ਦੀ ਰਿਪੋਰਟ ਵਿੱਚ ਵੱਡਾ ਖੁਲਾਸਾ ਹੋਇਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਜਾਂਚ ਕਮੇਟੀ ਨੇ ਰਿਪੋਰਟ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਂਵਾਲ ਨੂੰ ਸੌਂਪ ਦਿੱਤੀ ਹੈ। ਕਮੇਟੀ ਨੇ ਜਾਂਚ ਦੌਰਾਨ ਬ੍ਹਾਰਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ’ਚ ਵੱਡੀਆਂ ਗੜਬੜੀਆਂ ਪਾਈਆਂ ਹਨ। ਇਸ ਤੋਂ ਬਾਅਦ ਐਸਜੀਪੀਸੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਤੁਰੰਤ ਗਲਤੀਆਂ ਸੁਧਾਰਨ ਦੀ ਸਿਫਾਰਸ਼ ਕੀਤੀ ਹੈ। ਬ੍ਹਾਰਵੀਂ ਜਮਾਤ ਦੀ ਇਤਿਹਾਸ ਦੀ ਨਵੀਂ ਕਿਤਾਬ ’ਚ ਸ਼ਹੀਦ ਊਧਮ ਸਿੰਘ ਬਾਰੇ ਨਵੇਂ ਹੈਰਾਨੀਜਨਕ ਤੱਥ ਪੇਸ਼ ਕੀਤੇ ਗਏ ਹਨ। ਕਿਤਾਬ ਵਿੱਚ ਕਿਹਾ ਗਿਆ ਹੈ ਕਿ ਸ਼ਹੀਦ ਊਧਮ ਸਿੰਘ ਨੇ ਫ਼ਾਂਸੀ ਤੋਂ ਪਹਿਲਾਂ ਵਾਰਿਸ ਸ਼ਾਹ ਵੱਲੋਂ ਲਿਖੀ ਹੀਰ ਦੀ ਸਹੁੰ ਚੁੱਕੀ ਸੀ ਜਦਕਿ ਇਸ ਤੋਂ ਪਹਿਲੀਆਂ ਕਿਤਾਬਾਂ ਅਨੁਸਾਰ ਊਧਮ ਸਿੰਘ ਨੇ ਫ਼ਾਂਸੀ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ। ਇੰਨਾ ਹੀ ਨਹੀਂ ਕਿਤਾਬ ਵਿੱਚ ਲਿਖਿਆ ਹੈ ਕਿ ਜੇਕਰ ਵਿਦਿਆਰਥੀਆਂ ਨੇ ਮੰਗਲ ਪਾਂਡੇ ਬਾਰੇ ਜਾਣਨਾ ਹੈ ਤਾਂ ਉਹ ਆਮਿਰ ਖ਼ਾਨ ਤੇ ਰਾਣੀ ਮੁਖਰਜੀ ਦੀ ਫ਼ਿਲਮ ਦੇਖਣ। ਇਸ ਫ਼ਿਲਮ ਵਿੱਚੋਂ ਇਤਿਹਾਸਕ ਤੱਥ ਲੈ ਕੇ ਉਸ 'ਤੇ ਲਿਖਣ ਲਈ ਵੀ ਕਿਹਾ ਗਿਆ ਹੈ। ਮੰਗਲ ਪਾਂਡੇ 1857 ਦੀ ਆਜ਼ਾਦੀ ਦੀ ਲੜਾਈ ਦਾ ਪਹਿਲਾ ਸ਼ਹੀਦ ਸੀ। ਸੂਫ਼ ਮੱਤ ਦਾ ਜਨਮ ਦਾਤਾ ਵੀ ਬਦਲਿਆ: ਪਹਿਲਾਂ ਤੋਂ ਮੌਜੂਦ ਇਤਿਹਾਸਕ ਤੱਥਾਂ ਮੁਤਾਬਕ ਸੂਫ਼ ਮੱਤ ਦਾ ਜਨਮ ਦਾਤਾ ਬਾਬਾ ਫ਼ਰੀਦ ਜੀ ਨੂੰ ਮੰਨਿਆ ਜਾਂਦਾ ਹੈ ਪਰ ਨਵੀਂ ਕਿਤਾਬ ਅਨੁਸਾਰ ਸਖ਼ੀ ਸਰਵਰ ਸਈਅਦ ਅਹਿਮਦ ਸੁਲਤਾਨ ਵੱਲੋਂ ਸੂਫ਼ ਮੱਤ ਦੀ ਸ਼ੁਰੂਆਤ ਹੋਈ ਦੱਸੀ ਗਈ ਹੈ। ਸਖ਼ੀ ਸਰਵਰ ਨੂੰ ਹਿੰਦੂਆਂ ਤੇ ਮੁਸਲਮਾਨਾਂ ਨਾਲ ਜੋੜ ਦਿੱਤਾ ਗਿਆ ਹੈ। ਕਿਤਾਬ ਵਿਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਪਾਕਿਸਤਾਨ ਦੀ ਮਸ਼ਹੂਰ ਗਾਇਕਾ ਰੇਸ਼ਮਾਂ ਨੇ ਸਖੀ ਸਰਵਰ ਦਾ ਗੀਤ “ਲਾਲ ਮੇਰੀ ਪੱਤ ਰੱਖਿਓ” ਗਾਇਆ ਸੀ। ਗੁਰਗੱਦੀ ਨੂੰ ਲਿਖਿਆ ਨਿਯੁਕਤੀ ਸਿੱਖ ਧਰਮ ਵਿੱਚ ਗੁਰਗੱਦੀ ਪ੍ਰਥਾ ਪ੍ਰਚੱਲਤ ਸੀ, ਗੁਰਗੱਦੀ ਸੌਂਪ ਕੇ ਹੀ ਅਗਲਾ ਗੁਰੂ ਮੰਨਿਆ ਜਾਂਦਾ ਸੀ ਪਰ ਕਿਤਾਬ ’ਚ ਗੁਰਗੱਦੀ ਨੂੰ ਨਿਯੁਕਤੀ ਕਰਾਰ ਦਿੰਦਿਆ ਲਿਖਿਆ ਹੈ ਕਿ ਗੁਰੂ ਅੰਗਦ ਦੇਵ ਜੀ ਦੀ ਨਿਯੁਕਤੀ ਹੋਈ ਸੀ। ਮੀਰ ਮਨੂ ਨੇ ਸਿੱਖਾਂ ਨੂੰ ਫਾਹੇ ਲਾਇਆ ਸ਼ਹਾਦਤ ਦਾ ਜ਼ਿਕਰ ਨਾ ਕਰਦਿਆਂ ਲਿਖਿਆ ਹੈ ਕਿ ਮੀਰ ਮਨੂੰ ਨੇ ਸਿੱਖਾਂ ਨੂੰ ਫਾਹੇ ਲਾਇਆ ਸੀ। ਇਤਿਹਾਸ ਨਾਲ ਕੀਤੀ ਛੇੜਛਾੜ ਦਾ ਪ੍ਰਮਾਣ ਇਹ ਵੀ ਹੈ ਕਿ ਕਿਤਾਬ ਵਿੱਚ ਗੁਰੂ ਨਾਨਕ ਦੇਵ ਜੀ ਦੀ ਭਗਤੀ ਲਹਿਰ ਨੂੰ ਰਾਮ ਭਗਤੀ ਲਹਿਰ ਨਾਲ ਜੋੜ ਦਿੱਤਾ ਗਿਆ ਹੈ। ਪੰਜਾਬੀਆਂ ਨੂੰ ਆਜ਼ਾਦੀ ਲਹਿਰ ਤੋਂ ਕੀਤਾ ਬਾਹਰ ਕਿਤਾਬ ਵਿੱਚ ਪੰਜਾਬੀਆਂ ਵੱਲੋਂ ਆਜ਼ਾਦੀ ਲਹਿਰ ਵਿੱਚ ਪਾਏ ਯੋਗਦਾਨ ਨੂੰ ਬਿਲਕੁਲ ਖ਼ਤਮ ਕਰ ਦਿੱਤਾ ਹੈ। ਇੱਥੋਂ ਤੱਕ ਕਿਹਾ ਗਿਆ ਹੈ ਕਿ ਪੰਜਾਬ ਦਾ ਆਜ਼ਾਦੀ ਲਹਿਰ ਨਾਲ ਕੋਈ ਖ਼ਾਸ ਵਾਸਤਾ ਨਹੀਂ ਸੀ। ਸਗੋਂ ਆਜ਼ਾਦੀ ਦੇ ਜ਼ਿਆਦਾਤਰ ਨਾਇਕ ਪੰਜਾਬ ਤੋਂ ਬਾਹਰੀ ਸੂਬਿਆਂ ਦੇ ਦੱਸੇ ਗਏ ਹਨ।