Corona Case in Punjab: ਪੰਜਾਬ ਲਈ ਵੱਡੀ ਰਾਹਤ ਦੀ ਖਬਰ ਹੈ। ਸੂਬੇ ਵਿੱਚ ਕੋਵਿਡ ਦੇ ਨਵੇਂ ਸਰੂਪ ਦਾ ਅਜੇ ਤੱਕ ਕੋਈ ਕੇਸ ਸਾਹਮਣੇ ਨਹੀਂ ਆਇਆ। ਇਹ ਦਾਅਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ। ਸੂਬੇ ਵਿੱਚ ਕੋਵਿਡ ਦੇ ਨਵੇਂ ਸਰੂਪ ਦਾ ਕੋਈ ਕੇਸ ਨਹੀਂ ਪਰ ਫਿਰ ਕੋਰੋਨਾ ਨਾਲ ਨਜਿੱਠਣ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ।



ਡਾ. ਬਲਬੀਰ ਸਿੰਘ ਨੇ ਐਤਵਾਰ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਸਰਕਾਰੀ ਮੈਡੀਕਲ ਕਾਲਜ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕੋਵਿਡ ਵਾਰਡ ਦਾ ਜਾਇਜ਼ਾ ਲੈਦਿਆਂ ਕਿਹਾ ਕਿ ਭਾਵੇਂਕਿ ਸੂਬੇ ਅੰਦਰ ਕੋਵਿਡ ਦੇ ਨਵੇਂ ਸਰੂਪ ਦਾ ਅਜੇ ਤੱਕ ਕੋਈ ਕੇਸ ਸਾਹਮਣੇ ਨਹੀਂ ਆਇਆ ਪਰ ਸਿਹਤ ਵਿਭਾਗ ਵੱਲੋਂ ਸਾਵਧਾਨੀ ਵਜੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਸਿਹਤ ਮੰਤਰੀ ਕਿਹਾ ਕਿ ਸੂਬਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸਰਕਾਰ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਹਾਲੇ ਤੱਕ ਕੋਵਿਡ ਦੇ ਕਿਸੇ ਵੀ ਨਵੇਂ ਸਰੂਪ ਦਾ ਸੂਬੇ ਵਿੱਚ ਕੋਈ ਕੇਸ ਸਾਹਮਣੇ ਨਹੀਂ ਆਇਆ। 



ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਸਿਰਫ਼ ਸੁਚੇਤ ਰਹਿਣ ਤੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ ਤੇ ਜਿਹੜੇ ਲੋਕ ਕਿਸੇ ਵੀ ਬਿਮਾਰੀ ਤੋਂ ਪੀੜਤ ਹਨ ਜਿਵੇਂ ਕਿ ਕੈਂਸਰ ਜਾਂ ਫਿਰ ਕਿਸੇ ਕਾਰਨ ਸਟੀਰਾਇਡ ਲੈਂਦੇ ਹੋਣ, ਕਿਸੇ ਦੇ ਗੁਰਦੇ ਬਦਲੇ ਹਨ ਜਾਂ ਫਿਰ ਸਾਹ ਦੀ ਬਿਮਾਰੀ ਨਾਲ ਪੀੜਤ ਹੋਣ ਉਹ ਆਪਣਾ ਧਿਆਨ ਰੱਖਣ ਤੇ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ਼ ਕਰਨ ਜਦਕਿ ਆਮ ਲੋਕਾਂ ਨੂੰ ਹਾਲੇ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। 


ਡਬਲਿਊਐਚਓ ਵੱਲੋਂ ਅਲਰਟ ਜਾਰੀ


ਦੱਸ ਦਈਏ ਕਿ ਕੋਵਿਡ-19 ਤੇ ਇਸ ਦੇ ਨਵੇਂ ਸਬ-ਵੇਰੀਐਂਟ ਜੇਐਨ1 ਤੇ ਸਰਦੀ ਜ਼ੁਕਾਮ ਸਣੇ ਸਾਹ ਰੋਗਾਂ ਦੀ ਵਧਦੀ ਗਿਣਤੀ ਦਰਮਿਆਨ ਆਲਮੀ ਸਿਹਤ ਸੰਸਥਾ (ਡਬਲਿਊਐਚਓ) ਨੇ ਦੱਖਣ-ਪੂਰਬੀ ਏਸ਼ੀਆ ਵਿਚਲੇ ਮੁਲਕਾਂ ਨੂੰ ਚੌਕਸੀ ਤੇ ਨਿਗਰਾਨੀ ਪ੍ਰਬੰਧ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ। ਆਲਮੀ ਸਿਹਤ ਸੰਸਥਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਤਿਆਤ ਵਜੋਂ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਮਾਸਕ ਪਾਉਣ ਸਣੇ ਹੋਰ ਸੁਰੱਖਿਅਤ ਉਪਰਾਲੇ ਕਰਨ। 


ਦੱਖਣ-ਪੂਰਬੀ ਏਸ਼ੀਆ ਲਈ ਡਬਲਿਊਐਚਓ ਦੀ ਖੇਤਰੀ ਨਿਰਦੇਸ਼ਕ ਡਾ.ਪੂਨਮ ਖੇਤਰਪਾਲ ਸਿੰਘ ਨੇ ਕਿਹਾ, ‘‘ਕੋਵਿਡ-19 ਵਾਇਰਸ ਆਲਮੀ ਪੱਧਰ ’ਤੇ ਸਾਰੇ ਮੁਲਕਾਂ ਵਿੱਚ ਉਤਪੰਨ, ਬਦਲ ਤੇ ਫੈਲ ਰਿਹਾ ਹੈ। ਹਾਲ ਦੀ ਘੜੀ ਮੌਜੂਦਾ ਸਬੂਤ ਇਸ਼ਾਰਾ ਕਰਦੇ ਹਨ ਕਿ ਜੇਐਨ1 ਤੋਂ ਲੋਕਾਂ ਦੀ ਸਿਹਤ ਨੂੰ ਘੱਟ ਜੋਖ਼ਮ ਹੈ। ਸਾਨੂੰ ਇਸ ਵਾਇਰਸ ਦੇ ਪੈਦਾ ਹੋਣ ਦੇ ਕਾਰਨਾਂ ਨੂੰ ਟਰੈਕ ਕਰਨਾ ਹੋਵੇਗਾ। ਇਸ ਲਈ ਮੁਲਕਾਂ ਨੂੰ ਆਪਣਾ ਚੌਕਸੀ ਤੇ ਨਿਗਰਾਨੀ ਪ੍ਰਬੰਧ ਮਜ਼ਬੂਤ ਕਰਨ ਦੇ ਡੇਟਾ ਦੀ ਸਾਂਝ ਯਕੀਨੀ ਬਣਾਉਣੀ ਹੋਵੇਗੀ।’’ 


ਜੇਐੱਨ1 ਕੋਵਿਡ ਵੇਰੀਐਂਟ ਦੀ ਰੌਸ਼ਨੀ ਵਿੱਚ ਮਹਾਰਾਸ਼ਟਰ ਵਿੱਚ ਸਰਕਾਰੀ ਹਸਪਤਾਲਾਂ ਨੂੰ ਵੈਂਟੀਲੇਟਰਾਂ, ਆਕਸੀਜਨ ਸਿਲੰਡਰਾਂ ਤੇ ਹੋਰ ਜ਼ਰੂਰੀ ਸਾਜ਼ੋ-ਸਾਮਾਨ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੀ ਲਾਗ ਦੇ 656 ਨਵੇਂ ਕੇਸ ਸਾਹਮਣੇ ਆਏ ਹਨ। ਦੇਸ਼ ਵਿੱਚ ਕੋਵਿਡ ਦੇ ਸਰਗਰਮ ਕੇਸਾਂ ਦੀ ਗਿਣਤੀ ਵਧ ਕੇ 3742 ਹੋ ਗਈ ਹੈ। ਇਸ ਦੌਰਾਨ ਕੇਰਲਾ ਵਿੱਚ ਇਕ ਹੋਰ ਮੌਤ ਨਾਲ ਕਰੋਨਾਵਾਇਰਸ ਕਰਕੇ ਮੌਤ ਦੇ ਮੂੰਹ ਪਏ ਲੋਕਾਂ ਦਾ ਅੰਕੜਾ 5,33,333 ਨੂੰ ਪਹੁੰਚ ਗਿਆ ਹੈ।