ਚੰਡੀਗੜ੍ਹ: ਆਮ ਆਦਮੀ ਪਾਰਟੀ ਲਈ ਪੰਜਾਬ ਵਿੱਚ ਖਤਰੇ ਦੀ ਘੰਟੀ ਹੈ। ਪਾਰਟੀ ਨੇ ਪਿਛਲੀ ਵਾਰ ਚਾਰ ਦੀਆਂ ਸੀਟਾਂ ਦੇ ਮੁਕਾਬਲੇ ਇਸ ਵਾਰ ਸਿਰਫ ਇੱਕ ਸੀਟ ਜਿੱਤੀ ਹੈ। ਇਸ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਾਰਟੀ ਦੇ ਵੋਟ ਬੈਂਕ ਨੂੰ ਵੱਡਾ ਖੋਰਾ ਲੱਗਾ ਹੈ। ਪਿਛਲੀ ਵਾਰ ਦੇ ਮੁਕਾਬਲੇ ਪਾਰਟੀ ਨੂੰ ਤਕਰੀਬਨ ਸਾਢੇ ਸੋਲਾਂ ਫੀਸਦੀ ਘੱਟ ਵੋਟ ਮਿਲੀ ਹੈ। ਇਸ ਵਿੱਚੋਂ ਵੋਟਾਂ ਦਾ ਕੁਝ ਹਿੱਸਾ ਅਕਾਲੀ ਦਲ ਵੱਲ਼ ਵੀ ਗਿਆ ਹੈ। ਲੋਕ ਚੋਣਾਂ ਵਿੱਚੋਂ ਜਿਨ੍ਹਾਂ 10 ਹਲਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਚੋਣਾਂ ਲੜੀਆਂ ਹਨ, ਉਨ੍ਹਾਂ ’ਤੇ ਨਜ਼ਰ ਮਾਰੀਏ ਤਾਂ ਇੱਥੋਂ 2014 ’ਚ ਆਮ ਆਦਮੀ ਪਾਰਟੀ ਨੇ 29,03,765 ਵੋਟਾਂ ਹਾਸਲ ਕੀਤੀਆਂ ਸਨ। 2019 ਵਿਚ ਇਨ੍ਹਾਂ ਹੀ 10 ਹਲਕਿਆਂ ਵਿੱਚ ਆਮ ਆਦਮੀ ਪਾਰਟੀ ਸਿਰਫ਼ 9,21,824 ਵੋਟਾਂ ਹਾਸਲ ਕਰ ਸਕੀ ਹੈ, ਜੋ 2014 ਨਾਲੋਂ 19,81,941 ਵੋਟਾਂ ਘੱਟ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ ਆਮ ਆਦਮੀ ਪਾਰਟੀ ਵੱਲ ਖਿਸਕਿਆ ਸੀ, ਉਹ ਵਾਪਸ ਜਾ ਰਿਹਾ ਹੈ। ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਅੱਠ, ਅਕਾਲੀ ਦਲ-ਬੀਜੇਪੀ ਗੱਠਜੋੜ ਨੇ ਚਾਰ ਤੇ ਆਮ ਆਦਮੀ ਪਾਰਟੀ ਨੇ ਇੱਕ ਸੀਟ ਜਿੱਤੀ ਹੈ। 'ਆਪ' ਨੂੰ ਸਿਰਫ 7.4 ਪ੍ਰਤੀਸ਼ਤ ਵੋਟ ਮਿਲੀ ਹੈ ਜੋ ਪਹਿਲਾਂ ਨਾਲ ਕਾਫੀ ਘੱਟ ਹੈ। ‘ਆਪ’ ਦਾ ਵੋਟ ਹਿੱਸਾ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 23.7 ਫੀਸਦ ਸੀ। ਇਸ ਲਈ ‘ਆਪ’ ਨੇ ਚਾਹੇ ਇੱਕ ਸੀਟ ਜਿੱਤ ਲਈ ਪਰ ਖਤਰੇ ਦੀ ਘੰਟੀ ਜ਼ਰੂਰ ਨਜ਼ਰ ਆ ਰਹੀ ਹੈ। ਦੂਜੇ ਪਾਸੇ ਸੰਕਟ ਦਾ ਸ਼ਿਕਾਰ ਸ਼੍ਰੋਮਣੀ ਅਕਾਲੀ ਦਲ ਨੂੰ 27.5 ਪ੍ਰਤੀਸ਼ਤ ਤੇ ਕਾਂਗਰਸ ਨੂੰ 40.02 ਪ੍ਰਤੀਸ਼ਤ ਵੋਟ ਮਿਲੀ ਹੈ। ਸਭ ਤੋਂ ਅਹਿਮ ਗੱਲ ਹੈ ਕਿ ਪੰਜਾਬ ਜਮਹੂਰੀ ਗੱਠਜੋੜ ਨੇ ਚਾਹੇ ਕੋਈ ਸੀਟ ਨਹੀਂ ਜਿੱਤੀ ਪਰ ਇਸ ਨੂੰ 10.3 ਪ੍ਰਤੀਸ਼ਤ ਵੋਟਾਂ ਮਿਲੀਆਂ ਹਨ। ਇਹ ਆਮ ਆਦਮੀ ਪਾਰਟੀ ਨਾਲੋਂ ਵੱਧ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਿੱਚ ਆਮ ਆਦਮੀ ਪਾਰਟੀ ਦੀ ਵੋਟ ਦਾ ਵੱਡਾ ਹਿੱਸਾ ਹੈ। ਦਿਲਚਸਪ ਹੈ ਕਿ ਵੱਡੇ ਸਿਆਸੀ ਸੰਕਟ ਤੇ ਖਾਨਾਜੰਗੀ ਵਿੱਚ ਘਿਰਿਆ ਸ਼੍ਰੋਮਣੀ ਅਕਾਲੀ ਦਲ ਮੁੜ ਉਭਰਣ ਲੱਗਾ ਹੈ ਪਰ ਆਮ ਆਦਮੀ ਪਾਰਟੀ ਆਪਣੇ ਸੰਕਟ ਵਿੱਚ ਉਭਰਦੀ ਨਜ਼ਰ ਨਹੀਂ ਆ ਰਹੀ।