ਚੰਡੀਗੜ੍ਹ : ਪੰਜਾਬ ਦੇ ਸੀਐਮ ਭਗਵੰਤ ਮਾਨ ਦਿੱਲੀ 'ਚ ਆਮ ਆਦਮੀ ਪਾਰਟੀ ਕਨਵੀਨਰ ਤੇ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਨੂੰ ਮਿਲਣ ਪੁੱਜੇ ਹਨ। ਇਹ ਮੁਲਾਕਾਤ ਦਿੱਲੀ 'ਚ ਕੇਜਰੀਵਾਲ ਦੇ ਘਰ 'ਤੇ ਹੀ ਹੋ ਰਹੀ ਹੈ। ਭਗਵੰਤ ਮਾਨ ਕੱਲ੍ਹ ਦਿੱਲੀ ਗਏ ਸੀ। ਪੰਜਾਬ 'ਚ ਪੁਰਾਣੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਦੇ ਅਸਤੀਫੇ ਤੇ ਨਵੇਂ ਏਜੀ ਵਿਨੋਦ ਘਈ ਨੂੰ ਲੈ ਕੇ ਬਵਾਲ ਮਚਿਆ ਹੋਇਆ। ਸੀਐਮ ਭਗਵੰਤ ਮਾਨ ਨਾਲ ਪੰਜਾਬ ਤੋਂ ਰਾਜ ਸਭਾ ਮੈਂਬਰ ਚੱਢਾ ਵੀ ਮੀਟਿੰਗ 'ਚ ਮੌਜੂਦ ਹਨ।


ਦੱਸ ਦਈਏ ਕਿ ਪੰਜਾਬ ਵਿੱਚ ਨਵੇਂ ਐਡਵੋਕੇਟ ਜਨਰਲ (AG) ਵਿਨੋਦ ਘਈ ਦੀ ਨਿਯੁਕਤੀ ਨੂੰ ਲੈ ਕੇ ਘਮਾਸਾਨ ਮਚ ਗਿਆ ਹੈ। ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਸਮਾਜਿਕ ਕਾਰਕੁਨਾਂ ਨੇ ਸਰਕਾਰ ਨੂੰ ਘੇਰਿਆ ਹੈ। ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਤੇ ਇਨਸਾਫ ਮੋਰਚਾ ਨੇ ਵਿਰੋਧ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਬੇਅਦਬੀ ਮਾਮਲੇ 'ਚ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ, 'ਆਪ' ਸਰਕਾਰ ਦੇ ਬਰਖ਼ਾਸਤ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਤੇ ਗਾਇਕ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਦਾ ਵਕੀਲ ਰਹਿ ਚੁੱਕਿਆ ਹੈ। ਅਜਿਹੇ 'ਚ ਉਨ੍ਹਾਂ ਦੀ ਨਿਯੁਕਤੀ ਸਹੀ ਨਹੀਂ ਹੈ।


ਹਰ ਵੱਡੇ ਕੇਸ ਵਿੱਚ ਸਰਕਾਰ ਵਿਰੁੱਧ ਵਕੀਲ ਰਹੇ ਘਈ


ਸਮਾਜ ਸੇਵੀ ਪਰਵਿੰਦਰ ਸਿੰਘ ਕਿਤਨਾ ਅਨੁਸਾਰ ਐਡਵੋਕੇਟ ਵਿਨੋਦ ਘਈ ਡੇਰਾ ਮੁਖੀ ਦੀ ਪੇਸ਼ੀ ਦੌਰਾਨ ਪੰਚਕੂਲਾ ਹਿੰਸਾ 'ਚ ਰਾਮ ਰਹੀਮ ਦੇ ਵਕੀਲ ਰਹੇ ਹਨ। ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਡੀਜੀਪੀ ਸੁਮੇਧ ਸੈਣੀ, ਬਲਾਤਕਾਰ ਮਾਮਲੇ ਵਿੱਚ ਫਸੇ ਲੁਧਿਆਣਾ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ ਦੇ ਕੇਸ ਵਿੱਚ ਵਕੀਲ ਰਹੇ ਹਨ। ਭ੍ਰਿਸ਼ਟਾਚਾਰ ਦੇ ਕੇਸ ਵਿੱਚ ਫਸੇ ਸਾਬਕਾ ਕਾਂਗਰਸੀ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਵੀ ਉਨ੍ਹਾਂ ਨੇ ਹੀ ਜ਼ਮਾਨਤ ਦਿਵਾਈ ਹੈ।


ਚੰਨੀ ਸਰਕਾਰ ਦੇ ਰਾਹ 'ਤੇ ਚੱਲੇ ਭਗਵੰਤ ਮਾਨ: ਸੁਨੀਲ ਜਾਖੜ


ਭਾਜਪਾ ਆਗੂ ਸੁਨੀਲ ਜਾਖੜ ਨੇ ਤੰਜ ਕਸਦਿਆਂ ਕਿਹਾ ਕਿ ਭਗਵੰਤ ਮਾਨ ਵੀ ਪਿਛਲੀ ਕਾਂਗਰਸ ਸਰਕਾਰ ਦੀ ਚਰਨਜੀਤ ਚੰਨੀ ਦੇ ਰਾਹ 'ਤੇ ਚੱਲ ਰਹੇ ਹਨ। ਪਹਿਲਾਂ ਡੀਜੀਪੀ ਅਤੇ ਫਿਰ ਏਜੀ ਨੂੰ ਹਟਾਇਆ ਗਿਆ। ਇਸੇ ਸਕ੍ਰਿਪਟ ਦਾ ਪਾਲਣ ਕੀਤਾ ਗਿਆ ਹੈ। ਸਿਰਫ ਕਿਰਦਾਰ ਬਦਲਿਆ ਹੈ। ਕੁਝ ਵੀ ਹੋਵੇ, ਪੰਜਾਬ ਖੁਦ ਇਸ ਦਾ ਸੰਤਾਪ ਭੋਗ ਰਿਹਾ ਹੈ।