ਕਪੂਰਥਲਾ: ਇੱਥੋਂ ਦੀ ਗੋਇੰਦਵਾਲ ਸੜਕ ’ਤੇ ਪਿੰਡ ਭਵਾਨੀਪੁਰ ਵਿੱਚ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏਟੀਐਮ ਨੂੰ ਚੋਰੀ ਕਰ ਲਿਆ ਗਿਆ, ਪਰ ਇਸ ਵਿੱਚੋਂ ਪੈਸੇ ਕੱਢਣ ਵਿੱਚ ਅਸਫਲ ਰਹੇ। ਹੈਰਾਨ ਦੀ ਗੱਲ ਇਹ ਹੈ ਕਿ ਚੋਰੀ ਦੀ ਤਾਜ਼ਾ ਘਟਨਾ ਬੀਤੇ 7 ਮਹੀਨਿਆਂ ਵਿੱਚ ਤੀਜੀ ਅਤੇ ਬਰਾਂਚ ਖੁੱਲ੍ਹਣ ਤੋਂ ਬਾਅਦ ਅੱਠਵੀਂ ਘਟਨਾ ਹੈ।
ਘਟਨਾ ਦੀ ਸੂਚਨਾ ਮਿਲਣ ’ਤੇ ਫੱਤੂਢੀਂਗਾ ਪੁਲੀਸ ਅਤੇ ਬੈਂਕ ਦੇ ਜ਼ੋਨਲ ਸੁਰੱਖਿਆ ਇੰਚਾਰਜ ਨੇ ਘਟਨਾ ਸਥਾਨ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਬ੍ਰਾਂਚ ਮੈਨੇਜਰ ਬੀਰ ਦਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਸਾਢੇ ਸੱਤ ਵਜੇ ਉਨ੍ਹਾਂ ਨੂੰ ਕਿਸੇ ਨੇ ਟੈਲੀਫੋਨ ’ਤੇ ਸੂਚਨਾ ਦਿੱਤੀ ਕਿ ਬੈਂਕ ਦੇ ਨਾਲ ਲੱਗੇ ਏਟੀਐਮ ਦਾ ਸ਼ਟਰ ਟੁੱਟਾ ਹੋਇਆ ਹੈ। ਉਹ ਤੁਰੰਤ ਮੌਕੇ ’ਤੇ ਪੁੱਜੇ। ਉਨ੍ਹਾਂ ਦੇਖਿਆ ਕਿ ਅੰਦਰਲੇ ਦਰਵਾਜ਼ੇ ਦਾ ਸ਼ੀਸਾ ਟੁੱਟਾ ਹੋਇਆ ਹੈ ਅਤੇ ਏ ਟੀ ਐਮ ਗਾਇਬ ਸੀ। ਏਟੀਐਮ ਦੇ ਸੀਸੀਟੀਵੀ ਕੈਮਰੇ ਵੀ ਟੁੱਟੇ ਹੋਏ ਸਨ।
ਇਸ ਦੌਰਾਨ ਜਾਣਕਾਰੀ ਮਿਲੀ ਕਿ ਪੁੱਟਿਆ ਹੋਇਆ ਏਟੀਐਮ ਬੈਂਕ ਤੋਂ 400 ਮੀਟਰ ਦੀ ਦੂਰੀ ’ਤੇ ਪਿੰਡ ਪ੍ਰਵੇਜ ਨਗਰ ਦੇ ਇਕ ਖੇਤ ਵਿੱਚ ਪਿਆ ਹੈ। ਉਨ੍ਹਾਂ ਦੱਸਿਆ ਕਿ ਉਹ ਸੱਤ ਮਹੀਨਿਆਂ ਤੋਂ ਇੱਥੇ ਤਾਇਨਾਤ ਹਨ। ਇਸ ਦੌਰਾਨ ਚੋਰਾਂ ਨੇ ਤੀਸਰੀ ਵਾਰ ਏਟੀਐਮ ਨੂੰ ਸੰਨ੍ਹ ਲਗਾਈ ਹੈ। ਉਨ੍ਹਾਂ ਦੱਸਿਆ ਕਿ 2015 ਤੋਂ ਬੈਂਕ ਦੀ ਸ਼ਾਖਾ ਇਥੇ ਖੁੱਲ੍ਹੀ ਹੈ ਤੇ ਉਦੋਂ ਤੋਂ ਲੈ ਕੇ 8 ਵਾਰੀ ਚੋਰ ਇਸ ਨੂੰ ਨਿਸ਼ਾਨਾ ਬਣਾ ਚੁੱਕੇ ਹਨ। ਚੋਰ ਏਟੀਐਮ ਖੋਲ੍ਹ ਨਹੀਂ ਸਕੇ। ਇਸ ਲਈ ਉਥੇ ਛੱਡ ਗਏ।
ਉਨ੍ਹਾਂ ਦੱਸਿਆ ਕਿ ਵਾਰ ਵਾਰ ਚੋਰੀ ਕਾਰਨ ਉਨ੍ਹਾਂ ਰਾਤ ਵੇਲੇ ਏਟੀਐਮ ਵਿੱਚ ਕੈਸ਼ ਰੱਖਣਾ ਬੰਦ ਕੀਤਾ ਹੋਇਆ ਹੈ। ਪੁਲੀਸ ਨੇ ਫਿੰਗਰ ਪ੍ਰਿੰਟ ਮਾਹਿਰਾਂ ਨੂੰ ਵੀ ਮੌਕੇ ’ਤੇ ਸੱਦਿਆ। ਬ੍ਰਾਂਚ ਮੈਨੇਜਰ ਅਨੁਸਾਰ ਅੱਜ ਦੀ ਘਟਨਾ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।