Gurpatwant Pannu murder conspiracy: ਪਾਬੰਦੀਸ਼ੁਦਾ ਸੰਗਠਨ ‘ਸਿੱਖਸ ਫਾਰ ਜਸਟਿਸ’ ਦੇ ਲੀਡਰ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਤਾਰ ਗੁਜਰਾਤ ਨਾਲ ਜੁੜੇ ਹਨ। ਅਮਰੀਕਾ ਦੇ ਸਰਕਾਰੀ ਵਕੀਲ ਵੱਲੋਂ ਕੀਤੇ ਖੁਲਾਸੇ ਨਾਲ ਵੱਡਾ ਹੜਕੰਪ ਮੱਚ ਗਿਆ ਹੈ। ਫੈਡਰਲ ਪ੍ਰੌਸੀਕਿਊਟਰ ਨੇ ਕਿਹਾ ਹੈ ਕਿ ਨਿਖਿਲ ਗੁਪਤਾ ਨੇ ਆਪਣੇ ਖਿਲਾਫ ਗੁਜਰਾਤ ਵਿੱਚ ਅਪਰਾਧਕ ਮਾਮਲਾ ਖਾਰਜ ਕਰਨ ਦੀ ਸ਼ਰਤ 'ਤੇ ਕਤਲ ਦੀ ਸਾਜਿਸ਼ ਵਿੱਚ ਸ਼ਾਮਲ ਹੋਣਾ ਸਵੀਕਾਰ ਕੀਤਾ ਸੀ।



ਦਰਅਸਲ ਅਮਰੀਕਾ ਦੇ ਸਰਕਾਰੀ ਵਕੀਲਾਂ (ਫੈਡਰਲ ਪ੍ਰੌਸੀਕਿਊਟਰਜ਼) ਨੇ ਦੋਸ਼ ਲਾਇਆ ਹੈ ਕਿ ਅਮਰੀਕਾ ਵਿੱਚ ਇੱਕ ਸਿੱਖ ਕੱਟੜਵਾਦੀ ਦੀ ਹੱਤਿਆ ਦੀ ਸਾਜ਼ਿਸ਼ ਦੇ ਮੁਲਜ਼ਮ ਭਾਰਤੀ ਨਾਗਰਿਕ ਨੇ ਇਸ ਭਰੋਸੇ ਤੋਂ ਬਾਅਦ ਸਾਜ਼ਿਸ਼ ਵਿੱਚ ਸ਼ਾਮਲ ਹੋਣਾ ਸਵੀਕਾਰ ਕੀਤਾ ਕਿ ਗੁਜਰਾਤ ਵਿੱਚ ਉਸ ਖ਼ਿਲਾਫ਼ ਚੱਲ ਰਿਹਾ ਇੱਕ ਅਪਰਾਧਕ ਮਾਮਲਾ ਖਾਰਜ ਕਰ ਦਿੱਤਾ ਜਾਵੇਗਾ। ਗੁਜਰਾਤ ਦਾ ਨਾਂ ਆਉਣ ਮਗਰੋਂ ਇਹ ਮਾਮਲਾ ਹੋਰ ਗੰਭੀਰ ਹੋ ਗਿਆ ਹੈ ਕਿਉਂਕਿ ਇਹ ਪੀਐਮ ਮੋਦੀ ਦਾ ਆਪਣਾ ਗੜ੍ਹ ਹੈ।



ਅਮਰੀਕਾ ਦੀ ਇੱਕ ਅਦਾਲਤ ਵਿਚ ਬੁੱਧਵਾਰ ਨੂੰ ਸਾਹਮਣੇ ਆਏ ਇਸਤਗਾਸਾ ਧਿਰ ਦੇ ਦੋਸ਼ ਪੱਤਰ ਮੁਤਾਬਕ ਨਿਖਿਲ ਗੁਪਤਾ (52) ’ਤੇ ਨਿਊਯਾਰਕ ਸ਼ਹਿਰ ਵਿੱਚ ਇੱਕ ਅਮਰੀਕੀ ਨਾਗਰਿਕ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਇਸ ਵਿੱਚ ਇਹ ਖੁਲਾਸਾ ਨਹੀਂ ਕੀਤਾ ਗਿਆ ਕਿ ਕਿਸ ਅਮਰੀਕੀ ਨਾਗਰਿਕ ਦੀ ਹੱਤਿਆ ਦੀ ਸਾਜ਼ਿਸ਼ ਰਚੀ ਗਈ ਸੀ। 



ਹਾਲਾਂਕਿ, ‘ਦ ਫਾਇਨੈਂਸ਼ੀਅਲ ਟਾਈਮਜ਼’ ਅਖਬਾਰ ਨੇ ਅਣਪਛਾਤੇ ਸੂਤਰਾਂ ਦੇ ਹਵਾਲੇ ਨਾਲ ਪਿਛਲੇ ਹਫ਼ਤੇ ਖ਼ਬਰ ਦਿੱਤੀ ਸੀ ਕਿ ਅਮਰੀਕੀ ਅਧਿਕਾਰੀਆਂ ਨੇ ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ‘ਸਿੱਖਸ ਫਾਰ ਜਸਟਿਸ’ ਦੇ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ ਤੇ ਇਸ ਸਾਜ਼ਿਸ਼ ਵਿਚ ਭਾਰਤ ਸਰਕਾਰ ਦੇ ਸ਼ਾਮਲ ਹੋਣ ਦੇ ਖ਼ਦਸ਼ਿਆਂ ਬਾਰੇ ਉਸ ਨੂੰ ਚਿਤਾਵਨੀ ਦਿੱਤੀ ਸੀ। 


ਇਸਤਗਾਸਾ ਧਿਰ ਨੇ ਮੁਕੱਦਮੇ ਵਿਚ ਦੱਸਿਆ ਕਿ ਗੁਪਤਾ ਕਿਸ ਤਰ੍ਹਾਂ ਗੁਜਰਾਤ ਵਿੱਚ ਉਸ ਵਿਰੁੱਧ ਦਰਜ ਇੱਕ ਅਪਰਾਧਕ ਮਾਮਲੇ ਨੂੰ ਖਾਰਜ ਕੀਤੇ ਜਾਣ ਦੇ ਭਰੋਸੇ ਤੋਂ ਬਾਅਦ ਸਾਜ਼ਿਸ਼ ਲਈ ਸਹਿਮਤ ਹੋ ਗਿਆ। ਗੁਪਤਾ ਨੂੰ ਨਸ਼ੀਲੇ ਪਦਾਰਥਾਂ ਦਾ ਇੱਕ ‘ਕੌਮਾਂਤਰੀ ਤਸਕਰ’ ਕਰਾਰ ਦਿੱਤਾ ਗਿਆ ਹੈ ਤੇ ਉਸ ਨੂੰ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਸਿਲਸਿਲੇ ’ਚ ਜੂਨ 2023 ਵਿੱਚ ਅਮਰੀਕਾ ਦੀ ਬੇਨਤੀ ਉਤੇ ਚੈੱਕ ਗਣਰਾਜ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। 



ਅਮਰੀਕਾ ਦੇ ਸਰਕਾਰੀ ਵਕੀਲਾਂ ਨੇ ਮੈਨਹੱਟਨ ਦੀ ਇੱਕ ਅਦਾਲਤ ਨੂੰ ਦੱਸਿਆ ਕਿ ਗੁਪਤਾ ਨੂੰ ਚੈੱਕ ਤੋਂ ਅਮਰੀਕਾ ਲਿਆਉਣ ਦੀ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ। ਦੋਸ਼ ਪੱਤਰ ਵਿੱਚ ਕਿਹਾ ਗਿਆ, ‘ਮਈ 2023 ’ਚ ਜਾਂ ਇਸ ਦੇ ਨੇੜੇ-ਤੇੜੇ ਸੀਸੀ-1 ਤੇ ਗੁਪਤਾ ਵਿਚਾਲੇ ਸ਼ੁਰੂ ਹੋਈ ਟੈਲੀਫੋਨ ਤੇ ਇਲੈਕਟ੍ਰੌਨਿਕ ਗੱਲਬਾਤ ਵਿੱਚ ਸੀਸੀ-1 ਨੇ ਗੁਪਤਾ ਨੂੰ ਭਾਰਤ ਵਿਚ ਉਸ ਖਿਲਾਫ਼ ਦਰਜ ਇੱਕ ਅਪਰਾਧਕ ਮਾਮਲੇ ਨੂੰ ਖਾਰਜ ਕਰਾਉਣ ਵਿੱਚ ਸੀਸੀ-1 ਦੀ ਸਹਾਇਤਾ ਬਦਲੇ ‘ਪੀੜਤ’ ਦੀ ਹੱਤਿਆ ਦਾ ਬੰਦੋਬਸਤ ਕਰਨ ਲਈ ਕਿਹਾ ਸੀ।’ 



ਗੁਪਤਾ ਹੱਤਿਆ ਦੀ ਸਾਜ਼ਿਸ਼ ਰਚਣ ਨੂੰ ਤਿਆਰ ਹੋ ਗਿਆ। ਇਸ ਤੋਂ ਬਾਅਦ ਗੁਪਤਾ ਨੇ ਸਾਜ਼ਿਸ਼ ਨੂੰ ਅਮਲੀ ਜਾਮਾ ਪਹਿਨਾਉਣ ਲਈ ਦਿੱਲੀ ’ਚ ਵਿਅਕਤੀਗਤ ਰੂਪ ਨਾਲ ਸੀਸੀ-1 ਨਾਲ ਮੁਲਾਕਾਤ ਵੀ ਕੀਤੀ। ਇਸਤਗਾਸਾ ਧਿਰ ਨੇ ਦਾਅਵਾ ਕੀਤਾ ਹੈ ਕਿ ਸੀਸੀ-1 ਇਕ ‘ਭਾਰਤੀ ਸਰਕਾਰੀ ਅਧਿਕਾਰੀ’ ਹੈ, ਜਿਸ ਨੇ ਅਮਰੀਕੀ ਜ਼ਮੀਨ ਉਤੇ ਹੱਤਿਆ ਲਈ ਭਾਰਤ ਵੱਲੋਂ ਸਾਜ਼ਿਸ਼ ਰਚਣ ਦਾ ਨਿਰਦੇਸ਼ ਦਿੱਤਾ।