Farmers Protest: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨ ਮੁੱਖ ਮੰਤਰੀ ਦੀ ਕੋਠੀ ਅੱਗੇ ਅੱਜ 20ਵੇਂ ਦਿਨ ਵੀ ਪੱਕੇ ਮੋਰਚੇ ’ਤੇ ਡਟੇ ਹੋਏ ਹਨ ਤੇ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਦਾ ਘਿਰਾਓ ਵੀ ਜਾਰੀ ਹੈ। ਝੋਨੇ ਦੇ ਸੀਜ਼ਨ ਦੇ ਬਾਵਜੂਦ ਵੱਡੀ ਗਿਣਤੀ ’ਚ ਕਿਸਾਨ ਸਰਕਾਰ ਦੀ ਚੁੱਪ ਖ਼ਿਲਾਫ਼ ਆਵਾਜ਼ ਬੁੰਲਦ ਕਰ ਰਹੇ ਹਨ। ਭਲਕੇ ਕਿਸਾਨ ਵੱਡਾ ਇਕੱਠ ਕਰ ਰਹੇ ਹਨ ਜਿਸ ਵਿੱਚ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਏਗਾ।
ਉਧਰ, ਵਿਰੋਧੀ ਧਿਰਾਂ ਵੀ ਭਗਵੰਤ ਮਾਨ ਸਰਕਾਰ ਨੂੰ ਘੇਰ ਰਹੀਆਂ ਹਨ। ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਲਗਾਤਾਰ ਸਰਕਾਰ ਉੱਪਰ ਸਵਾਲ ਉਠਾ ਰਹੇ ਹਨ।
ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ 29 ਅਕਤੂਬਰ ਨੂੰ ਪੱਕੇ ਮੋਰਚੇ ’ਚ ਹੋ ਰਹੇ ਵਿਸ਼ਾਲ ਇਕੱਠ ਬਾਰੇ ਕਿਹਾ ਕਿ ਇਹ ਲੜਾਈ ਨਿੱਜੀਕਰਨ ਦੀ ਨੀਤੀ ਖਿਲਾਫ਼ ਹੈ। ਮੌਜੂਦਾ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ’ਤੇ ਨਿੱਜੀਕਰਨ ਦੀ ਨੀਤੀ ਦਾ ਕੁਹਾੜਾ ਕਿਰਤੀ ਲੋਕਾਂ ’ਤੇ ਚਲਾ ਰਹੀਆਂ ਹਨ। ਨਿੱਜੀਕਰਨ ਦੀ ਨੀਤੀ ’ਤੇ ਚਲਦੇ ਹੋਏ ਸਰਕਾਰ ਲੋਕਾਂ ਦੀ ਸਹੂਲਤ ਵਾਸਤੇ ਬਣੇ ਪਬਲਿਕ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਦੇ ਰਹੀ ਹੈ ਪਰ ਹੁਣ ਉਸੇ ਕੜੀ ਵਿੱਚ ਅੱਗੇ ਵੱਧ ਕੇ ਖ਼ੁਰਾਕੀ ਵਸਤੂਆਂ ਦਾ ਪੂਰਾ ਅਧਿਕਾਰ ਵੀ ਕਾਰਪੋਰੇਟ ਤੇ ਨਿੱਜੀ ਹੱਥਾਂ ਵਿੱਚ ਦੇ ਰਹੀ ਹੈ।
ਇਸ ਦੌਰਾਨ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਕੱਢੀਆਂ ਜਾ ਰਹੀਆਂ ਸੜਕਾਂ ਸਬੰਧੀ ਕਿਹਾ ਤਕਰੀਬਨ ਦਸ ਹਜ਼ਾਰ ਏਕੜ ਜ਼ਮੀਨ ਸਸਤੇ ਭਾਅ ’ਤੇ ਖੋਹ ਕੇ ਸੜਕਾਂ ਬਣਾਉਣ ਵਾਸਤੇ ਦਿੱਤੀ ਜਾ ਰਹੀ ਹੈ। ਕਿਸਾਨਾਂ ਨੂੰ ਜ਼ਮੀਨ ਦੇ ਉਚਿਤ ਭਾਅ ਦੇਣ ਵਿੱਚ ਵੀ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਤੋਂ ਵੀ ਅੱਗੇ ਪੰਜਾਬ ਵਿੱਚ ਜ਼ਮੀਨਾਂ ਦੀ ਕਾਣੀ ਵੰਡ ਹੋਣ ਕਾਰਨ ਆਮਦਨ ਦੇ ਵਸੀਲੇ ਪਹਿਲਾਂ ਹੀ ਘੱਟ ਹਨ।