Ludhiana News: ਪੁਲਿਸ ਡੀਏਵੀ ਸਕੂਲ ’ਚ ਪੜ੍ਹਨ ਵਾਲੀ ਵਿਦਿਆਰਥਣ ਦੀ ਅੱਖ ’ਚ ਪੈਨਸਿਲ ਵੱਜਣ ਦਾ ਮਾਮਲਾ ਗਰਮਾ ਗਿਆ ਹੈ। ਬੱਚੀ ਦੇ ਪਰਿਵਾਰਕ ਮੈਂਬਰ ਸਕੂਲ ਪ੍ਰਬੰਧਕਾਂ ਉੱਪਰ ਗੰਭੀਰ ਇਲਜ਼ਾਮ ਲਾ ਰਹੇ ਹਨ। ਬੱਚੀ ਦੇ ਪਰਿਵਾਰ ਵਾਲੇ ਵੀਰਵਾਰ ਨੂੰ ਇੱਕ ਵਾਰ ਫਿਰ ਸਕੂਲ ਬਾਹਰ ਇਨਸਾਫ਼ ਮੰਗਣ ਲਈ ਪੁੱਜੇ। ਇਸ ਵਾਰ ਵੀ ਸਕੂਲ ਦੇ ਬਾਹਰ ਸੁਰੱਖਿਆ ਮੁਲਾਜ਼ਮ ਨੇ ਉਨ੍ਹਾਂ ਨੂੰ ਸਕੂਲ ਪ੍ਰਬੰਧਕਾਂ ਨੂੰ ਨਹੀਂ ਮਿਲਣ ਦਿੱਤਾ।


ਇਸ ਤੋਂ ਬਾਅਦ ਉਨ੍ਹਾਂ ਵਿਰੋਧ ਜ਼ਾਹਿਰ ਕਰਦਿਆਂ, ਉੱਥੇ ਧਰਨਾ ਲਾ ਦਿੱਤਾ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਇਸ ਤੋਂ ਬਾਅਦ ਅਧਿਕਾਰੀਆਂ ਦੇ ਪਰਿਵਾਰ ਵਾਲਿਆਂ ਨੂੰ ਫੋਨ ਆਏ ਕਿ ਉਹ ਪੁਲਿਸ ਥਾਣੇ ਪੁੱਜਣ ਤੇ ਇਸ ਦੀ ਜਾਂਚ ਉੱਥੇ ਕੀਤੀ ਜਾਵੇਗੀ। ਪਰਿਵਾਰ ਵਾਲਿਆਂ ਨੇ ਸਕੂਲ ਪ੍ਰਬੰਧਕਾਂ ’ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਾਏ ਤੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ।


ਇਸ ਬਾਰੇ ਬੱਚੀ ਦੇ ਪਿਤਾ ਸ਼ਰਦ ਸੂਦ ਨੇ ਦੱਸਿਆ ਕਿ ਬੱਚੀ ਦੀ ਅੱਖ ’ਚ ਦੂਸਰੇ ਬੱਚੇ ਨੇ ਪੈਨਸਿਲ ਮਾਰ ਦਿੱਤੀ। ਸਕੂਲ ਅਧਿਆਪਕ ਨੇ ਸੱਚ ਦੱਸਣ ਦੀ ਥਾਂ ਉਨ੍ਹਾਂ ਨੂੰ ਝੂਠ ਬੋਲ ਦਿੱਤਾ ਕਿ ਬੱਚੀ ਦੀ ਅੱਖ ’ਚ ਉਂਗਲ ਵੱਜੀ ਹੈ। ਉਨ੍ਹਾਂ ਦੀ ਬੱਚੀ ਦੀ ਇੱਕ ਅੱਖ ਦੀ ਰੋਸ਼ਨੀ ਚਲੀ ਗਈ ਹੈ। ਇੱਕ ਵਾਰ ਆਪ੍ਰੇਸ਼ਨ ਹੋ ਚੁੱਕਿਆ ਹੈ ਤੇ ਦੂਸਰਾ ਆਪ੍ਰੇਸ਼ਨ ਡਾਕਟਰ ਫਿਰ ਤੋਂ ਕਰਨ ਲਈ ਆਖ ਰਹੇ ਹਨ, ਪਰ ਸਕੂਲ ਪ੍ਰਬੰਧਕ ਵਾਲੇ ਹਾਲੇ ਵੀ ਮਿਲਣ ਲਈ ਤਿਆਰ ਨਹੀਂ।


ਉਨ੍ਹਾਂ ਕਿਹਾ ਕਿ ਪਿਛਲੀ ਵਾਰ ਧਰਨਾ ਲਾਇਆ ਸੀ ਤਾਂ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਕਾਰਵਾਈ ਕੀਤੀ ਜਾਵੇਗੀ। ਕਦੇ ਉਨ੍ਹਾਂ ਨੂੰ ਆਖ ਦਿੱਤਾ ਜਾਂਦਾ ਹੈ ਕਿ ਪੁਲਿਸ ਕਮਿਸ਼ਨਰ ਚੇਅਰਮੈਨ ਹਨ ਤਾਂ ਉਨ੍ਹਾਂ ਦੀ ਉਨ੍ਹਾਂ ਨਾਲ ਮੁਲਾਕਾਤ ਕਰਵਾ ਸਾਰੀ ਗੱਲ ਦੱਸੀ ਜਾਵੇਗੀ ਤੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇਗਾ। ਉਹ ਲਗਾਤਾਰ ਸਕੂਲ ਪ੍ਰਬੰਧਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ।


ਥਾਣਾ ਡਵੀਜ਼ਨ ਨੰਬਰ ਅੱਠ ਦੇ ਐਸਐਚਓ ਸਬ ਇੰਸਪੈਕਟਰ ਨੀਰਜ ਚੌਧਰੀ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਤੋਂ ਸ਼ਿਕਾਇਤ ਲੈ ਲਈ ਗਈ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇਗਾ।