Travel Mart  - ਪੰਜਾਬ 'ਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਸੂਬੇ ਦੇ ਟੂਰਿਜ਼ਮ ਖੇਤਰ ਵਿੱਚ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਮੰਤਵ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਐਮਿਟੀ ਯੂਨੀਵਰਸਿਟੀ ਵਿਖੇ ਕਰਵਾਏ ਗਏ ਤਿੰਨ ਦਿਨਾਂ ਪੰਜਾਬ ਟੂਰਜਿਮ ਸਮਿਟ ਅਤੇ ਟਰੈਵਲ ਮਾਰਟ ਬੁੱਧਵਾਰ ਨੂੰ ਬੜੇ ਹੀ ਖੁਸ਼ਨੁਮਾ ਮਾਹੌਲ ਵਿੱਚ ਸਮਾਪਤ ਹੋ ਗਿਆ। 


ਸਮਿਟ ਦੇ ਤੀਸਰੇ ਅਤੇ ਆਖਰੀ ਦਿਨ ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਨਾਲ ਰੂਬਰੂ ਕਰਵਾਉਣ ਲਈ 77 ਨਿਵੇਸ਼ਕਾਂ ਅਤੇ ਟੂਰ ਅਪਰੇਟਰਾ ਨੂੰ ਅੰਮ੍ਰਿਤਸਰ ਅਤੇ 15  ਨੂੰ ਸ਼੍ਰੀ ਅਨੰਦਪੁਰ ਸਾਹਿਬ ਦਾ ਦੌਰਾ ਕਰਵਾਇਆ ਗਿਆ।


ਅੰਮ੍ਰਿਤਸਰ ਲਿਜਾਏ ਗਏ ਗਰੁੱਪ ਨੂੰ ਦਰਬਾਰ ਸਾਹਿਬ, ਇੰਟਰਪਟੇਸਨ ਸੈਂਟਰ,ਜ਼ਲ੍ਹਿਆ ਵਾਲਾ ਬਾਗ਼,ਪਾਰਟੀਸਨ ਮਿਊਜ਼ੀਅਮ,ਟਾਊਨ ਹਾਲ, ਅਟਾਰੀ ਵਾਹਘਾ ਬਾਰਡਰ, ਗੋਬਿੰਦਗੜ੍ਹ ਕਿਲ੍ਹਾ ਅਤੇ ਅਵਾਜ਼ ਅਤੇ ਰੋਸ਼ਨੀ ਅਧਾਰਿਤ ਸੋ਼ਅ ਦਿਖਾਇਆ ਗਿਆ।


ਜਦਕਿ ਅਨੰਦਪੁਰ ਸਾਹਿਬ ਵਿਖੇ ਲਿਜਾਏ ਗਏ ਗਰੁੱਪ ਨੂੰ ਵਿਰਾਸਤ ਏ ਖਾਲਸਾ ਮਿਊਜ਼ੀਅਮ, ਕਿਲ੍ਹਾ ਅਨੰਦਗੜ੍ਹ , ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਇਲਾਵਾ ਚਮਕੌਰ ਸਾਹਿਬ ਵਿਖੇ ਸਥਿਤ ਦਾਸਤਾਨ ਏ ਸ਼ਹਾਦਤ ਅਤੇ ਥੀਮ ਪਾਰਕ ਵੀ ਦਿਖਾਇਆ ਗਿਆ।


ਦੱਸ ਦਈਏ ਕਿ ਟਰੈਵਲ ਮਾਰਟ ਵਿਚ ਪੰਜਾਬ ਲਘੂ ਉਦਯੋਗ ਨਿਰਯਾਤ ਨਿਗਮ (ਸਮਾਲ ਇੰਡਸਟਰੀ ਐਕਸਪੋਰਟ ਕਾਰਪੋਰੇਸ਼ਨ) ਅਤੇ ਵੱਖੋ ਵੱਖ ਸੈੱਲਫ਼ ਹੈਲਪ ਗਰੁੱਪਾਂ ਵੱਲੋਂ ਫੁਲਕਾਰੀਆਂ, ਦੁਪੱਟੇ ਤੇ ਹੋਰ ਕਪੜਿਆਂ ਤੇ ਪੰਜਾਬੀ ਜੁੱਤੀਆਂ ਦੇ ਸਟਾਲਾਂ ਸਮੇਤ ਵਿਆਹ- ਸ਼ਾਦੀਆਂ 'ਤੇ ਉਚੇਚੇ ਤੌਰ ਉੱਤੇ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੇ ਲੱਗੇ ਸਟਾਲ ਖਿੱਚ ਦਾ ਕੇਂਦਰ ਰਹੇ। 


ਇਸ ਮੌਕੇ ਟੂਰਿਜ਼ਮ ਸਨਅਤ ਵਿਚਲੇ ਵਪਾਰਕ ਅਦਾਰਿਆਂ, ਸੰਸਥਾਵਾਂ ਤੇ ਹੋਟਲਾਂ ਵਲੋਂ ਵੀ ਆਪਣੇ ਸਟਾਲ ਸਥਾਪਤ ਕੀਤੇ ਗਏ, ਜਿਨ੍ਹਾਂ ਵਲੋਂ ਪੰਜਾਬ ਵਿੱਚ ਸੈਰ ਸਪਾਟੇ ਦੀਆਂ ਥਾਵਾਂ ਤੇ ਰਿਹਾਇਸ਼ ਬਾਬਤ ਆਪਣੇ ਪੈਕੇਜਿਜ਼ ਬਾਰੇ ਜਾਣਕਾਰੀ ਦਿੱਤੀ ਗਈ ਤੇ ਮਾਰਟ ਵਿਚ ਪੁੱਜੇ ਲੋਕਾਂ ਨੇ ਮੌਕੇ ਉੱਤੇ ਹੀ ਉਹ ਪੈਕੇਜਿਜ਼ ਖਰੀਦੇ ਵੀ। 


ਨਾਲ ਹੀ ਟੂਰਿਜ਼ਮ ਸਨਅਤ ਵਿਚਲੇ ਵਪਾਰਕ ਅਦਾਰਿਆਂ ਤੇ ਹੋਟਲਾਂ ਵਲੋਂ ਵੀ ਸਥਾਪਤ ਕੀਤੇ ਸਟਾਲਾਂ ਵਿਚ ਸਾਡਾ ਪਿੰਡ, ਕੰਫਰਟ ਹੋਟਲ ਸ੍ਰੀ ਅੰਮ੍ਰਿਤਸਰ, ਪੰਜਾਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਬੋਰਡ, ਦਿ ਕਿੱਕਰ ਲੌਜ, ਰੇਅਰ ਇੰਡੀਆ, ਦੁਨੀਆ ਘੂਮੋ, ਦਿ ਵਿੰਡ ਫਲਾਰ ਰਿਜ਼ੌਰਟ, ਦਿ ਪਾਰਕ ਹੋਟਲਜ਼ ਸਮੇਤ ਵੱਖੋ ਵੱਖ ਅਦਾਰਿਆਂ ਦੇ ਸਟਾਲਾਂ ਵਿਚ ਲੋਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ। 


ਇਸ ਸਭ ਦੇ ਨਾਲੋ ਨਾਲ 360 ਡਿਗਰੀ ਅਕਾਰ ਵਾਲਾ ਇਮਰਸਿਵ ਥੀਏਟਰ ਵੀ ਲੋਕਾਂ ਲਈ ਖਿੱਚ ਦਾ ਵੱਡਾ ਕੇਂਦਰ ਬਣਿਆ। ਇਸ ਵਿਚ ਵੱਖੋ ਵੱਖ ਸ਼ਾਰਟ ਫਿਲਮਾਂ, ਡਾਕੂਮੈਂਟਰੀਜ਼ ਤੇ ਵੀਡਿਓ ਕਲਿਪਸ ਨਾਲ ਪੰਜਾਬ ਵਿੱਚ ਸੈਰ ਸਪਾਟੇ ਦੀਆਂ ਥਾਵਾਂ, ਸਹੂਲਤਾਂ ਤੇ ਸੰਭਾਵਨਾਵਾਂ ਨੂੰ ਬਾਖੂਬੀ ਪੇਸ਼ ਕੀਤਾ ਗਿਆ। 


ਪੰਜਾਬ ਸਰਕਾਰ ਦੀ ਇਸ ਪਹਿਲਕਦਮੀ ਨੇ ਪੰਜਾਬ ਵਾਸੀਆਂ ਦੇ ਦਿਲਾਂ ਉੱਤੇ ਅਮਿਟ ਛਾਪ ਛੱਡੀ।