Punjab news: ਸਮਰਾਲਾ ਦੇ ਪਿੰਡ ਜਲਨਪੁਰ 'ਚ ਜੇਠ ਵੱਲੋਂ ਭਰਜਾਈ ਦਾ ਕਤਲ ਕਰਨ ਦੇ ਮਾਮਲੇ 'ਚ ਮ੍ਰਿਤਕ ਮਹਿਲਾ ਦੇ ਪੇਕਿਆਂ ਨੇ ਉਨ੍ਹਾਂ 'ਤੇ ਗੰਭੀਰ ਦੋਸ਼ ਲਾਏ ਹਨ। ਮਹਿਲਾ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਹੁਰੇ ਪਰਿਵਾਰ ਵਲੋਂ ਮਹਿਲਾ ਨੂੰ ਕਾਫੀ ਲੰਮੇਂ ਸਮੇਂ ਤੋਂ ਤੰਗ ਕੀਤਾ ਜਾ ਰਿਹਾ ਸੀ।
ਉੱਥੇ ਹੀ ਮ੍ਰਿਤਕ ਕਰਮਜੀਤ ਕੌਰ ਦੀ ਭਰਜਾਈ ਬਲਵਿੰਦਰ ਕੌਰ ਨੇ ਦੱਸਿਆ ਕਿ ਕਰਮਜੀਤ ਕੌਰ ਦੇ ਨਾਨਕੇ ਚਮਕੌਰ ਸਾਹਿਬ ਦੇ ਪਿੰਡ ਦੁੱਗਰੀ ਵਿੱਚ ਹਨ। ਕਰਮਜੀਤ ਦਾ ਵਿਆਹ ਪਿੰਡ ਜਲਨਪੁਰ ਵਿੱਚ ਹੋਇਆ ਸੀ। ਉਸ ਨੂੰ ਉਸ ਦਾ ਸਹੁਰਾ ਪਰਿਵਾਰ ਕਾਫੀ ਲੰਬੇ ਸਮੇਂ ਤੋਂ ਤੰਗ-ਪ੍ਰੇਸ਼ਾਨ ਕਰਦਾ ਸੀ। 10 ਵਾਰ ਪੰਚਾਇਤ ਵੀ ਸੱਦੀ ਗਈ। ਹਰ ਵਾਰ ਪਤਵੰਤੇ ਸੱਜਣ ਰਾਜੀਨਾਮਾ ਕਰਵਾ ਦਿੰਦੇ ਸੀ, ਪਰ ਫਿਰ ਵੀ ਕਰਮਜੀਤ ਪ੍ਰੇਸ਼ਾਨ ਰਹਿੰਦੀ ਸੀ।
ਜਦੋਂ ਮੰਗਲਵਾਰ ਨੂੰ ਉਸ ਦਾ ਕਤਲ ਹੋਇਆ ਤਾਂ ਪਰਿਵਾਰ ਦੇ ਸਾਰੇ ਮੈਂਬਰ ਘਰ ਵਿੱਚ ਹੀ ਸਨ। ਉਨ੍ਹਾਂ ਕਿਹਾ ਕਿ ਅਸੀਂ ਇਸ ਗੱਲ ਦੀ ਜਾਂਚ ਕਰਵਾਉਣਾ ਚਾਹੁੰਦੇ ਹਾਂ ਕਿ ਮੁਲਜ਼ਮ ਮੋਹਨ ਸਿੰਘ ਨੂੰ ਕਿਸੇ ਨੇ ਕਿਉਂ ਨਹੀਂ ਰੋਕਿਆ। ਕਤਲ ਕੇਸ ਵਿੱਚ ਪਰਿਵਾਰ ਦੇ ਹੋਰ ਮੈਂਬਰ ਵੀ ਸ਼ਾਮਲ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਮ੍ਰਿਤਕ ਕਰਮਜੀਤ ਕੌਰ ਦੇ ਭਤੀਜੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਭੂਆ ਦਾ ਕਤਲ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਇਸ ਵਿਚ ਇਕੱਲੇ ਮੋਹਨ ਸਿੰਘ ਦੀ ਰੋਲ ਨਹੀਂ ਹੈ, ਹੋਰ ਵੀ ਮੈਂਬਰ ਸ਼ਾਮਲ ਹਨ। ਉਸ ਨੇ ਦੱਸਿਆ ਕਿ ਮ੍ਰਿਤਕ ਕਰਮਜੀਤ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਕਤਲ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਸੀ।
ਇਸ ਸਬੰਧੀ ਕਰਮਜੀਤ ਕੌਰ ਦੀ ਧੀ ਨੇ ਦੱਸਿਆ। ਜਦੋਂ ਉਹ ਆਪਣੀ ਭੂਆ ਦੇ ਪਿੰਡ ਗਏ ਤਾਂ ਦੋਸ਼ੀ ਮੋਹਨ ਸਿੰਘ ਦੇ ਪਰਿਵਾਰ ਨੇ ਹੱਥੋਪਾਈ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਧਮਕੀਆਂ ਦਿੱਤੀਆਂ। ਮ੍ਰਿਤਕ ਮਹਿਲਾ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਸ ਕਤਲ ਦੇ ਮਾਮਲੇ ਵਿੱਚ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਉੱਥੇ ਹੀ ਸਮਰਾਲਾ ਦੇ ਡੀਐਸਪੀ ਜਸਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਮੋਹਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਜੇ ਤੱਕ ਕਿਸੇ ਹੋਰ ਦੀ ਭੂਮਿਕਾ ਦਾ ਖੁਲਾਸਾ ਨਹੀਂ ਹੋਇਆ ਹੈ। ਕਰਮਜੀਤ ਕੌਰ ਦੇ ਪੇਕੇ ਪਰਿਵਾਰ ਵੱਲੋਂ ਦਿੱਤੀ ਸ਼ਿਕਾਇਤ ਦੀ ਜਾਂਚ ਕੀਤੀ ਜਾਵੇਗੀ। ਜੇਕਰ ਕਿਸੇ ਦੀ ਭੂਮਿਕਾ ਸਾਹਮਣੇ ਆਈ ਤਾਂ ਉਸ ਨੂੰ ਨਾਮਜ਼ਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Ludhiana News: ਅਕਾਲੀ ਸਰਪੰਚ ਨੇ ਕੀਤਾ 12 ਲੱਖ ਦਾ ਘਪਲਾ! ਜਾਂਚ ਮਗਰੋਂ ਕੀਤਾ ਸਸਪੈਂਡ