ਗੁਰਦਾਸਪੁਰ: ਜ਼ਿਲ੍ਹੇ ਦੇ ਧਾਰੀਵਾਲ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਵੱਲੋਂ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾਂ ਵਿੱਚ ਪਤੀ-ਪਤਨੀ ਤੇ ਉਨ੍ਹਾਂ ਦੀ ਧੀ ਸ਼ਾਮਲ ਹੈ। ਲਾਸ਼ਾਂ ਨੂੰ ਪੋਸਟ ਮਾਰਟਮ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਤਿੰਨਾਂ ਵੱਲੋਂ ਸਲਫਾਸ ਖਾ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਭਾਰੀ ਕਰਜ਼ਿਆਂ ਤੋਂ ਪ੍ਰੇਸ਼ਾਨ ਸੀ। ਇਸ ਦੇ ਨਾਲ ਹੀ ਪਰਿਵਾਰ ਨੇ ਮੌਤ ਤੋਂ ਪਹਿਲਾਂ ਵੀਡੀਓ ਵੀ ਬਣਾਇਆ ਸੀ।

ਹਾਸਲ ਜਾਣਕਾਰੀ ਮੁਤਾਬਕ ਨਰੇਸ਼ ਕੁਮਾਰ (42), ਭਾਰਤੀ ਸ਼ਰਮਾ (38) ਤੇ ਉਸ ਦੀ ਧੀ ਮਾਨਸੀ (16) ਵਾਸੀ ਨੇ ਬੀਤੀ ਰਾਤ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਤੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ। ਇਸ ਤੋਂ ਪਹਿਲਾਂ ਭਾਰਤੀ ਸ਼ਰਮਾ ਨੇ ਵੀਡੀਓ ਵੀ ਬਣਾਈ। ਇਸ ਵਿੱਚ ਉਸ ਨੇ ਆਪਣੀ ਮੌਤ ਦਾ ਕਾਰਨ ਆਪਣੇ ਸੱਗੇ ਭਰਾ ਅਤੇ ਕੁਝ ਹੋਰ ਲੋਕਾਂ ਨੂੰ ਠਹਿਰਾਇਆ।

ਇਸ ਦੇ ਨਾਲ ਹੀ ਵੀਡੀਓ ਵਿੱਚ ਇਹ ਕਹਿੰਦੇ ਨਜ਼ਰਆ ਰਹੇ ਹਨ ਕਿ ਉਸ ਨੂੰ ਉਸ ਦੇ ਭਰਾ ਨੇ ਸਲਫਰ ਦੀਆਂ ਗੋਲੀਆਂ ਖੁਦ ਭੇਜੀਆਂ ਹਨ ਤੇ ਉਸ ਨੂੰ ਖੁਦਕੁਸ਼ੀ ਕਰਨ ਦੀ ਸਲਾਹ ਦਿੱਤੀ। ਉਸ ਨੇ ਕਿਹਾ ਕਿ ਇਸ ਵੀਡੀਓ ਤੋਂ ਬਾਅਦ ਵੀ ਉਸ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ, ਪਰ ਉਹ ਚਾਹੁੰਦਾ ਹੈ ਕਿ ਲੋਕ ਉਕਤ ਲੋਕਾਂ ਦੇ ਚੁੰਗਲ ਵਿੱਚ ਨਾ ਫਸਣ, ਤਾਂ ਜੋ ਕਿਸੇ ਹੋਰ ਨੂੰ ਉਨ੍ਹਾਂ ਵਰਗੇ ਕਦਮ ਨਾ ਚੁੱਕਣਾ ਪਏ।

ਮ੍ਰਿਤਕ ਨਰੇਸ਼ ਕੁਮਾਰ ਧਾਰੀਵਾਲ ਸ਼ਹਿਰ ਵਿੱਚ ਹੀ ਗੰਨੇ ਦਾ ਰਸ ਵੇਚਦਾ ਸੀ। ਪਰਿਵਾਰ ਦੇ ਤਿੰਨਾਂ ਮੈਂਬਰਾਂ ਨੇ ਆਪਣੇ 18 ਸਾਲ ਦੇ ਬੇਟੇ ਕੁਨਾਲ ਨੂੰ ਇਸ ਘਟਨਾ ਦੀ ਭਿਨਕ ਤੱਕ ਨਹੀਂ ਲੱਗਣ ਦਿੱਤੀ। ਸਲਫਾਸ ਖਾਣ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਅੰਮ੍ਰਿਤਸਰ ਲਿਜਾਇਆ ਗਿਆ ਪਰ ਨਰੇਸ਼ ਕੁਮਾਰ ਨੇ ਬਟਾਲਾ ਅਤੇ ਮਾਂ-ਧੀ ਨੇ ਅੰਮ੍ਰਿਤਸਰ ਪਹੁੰਚ ਕੇ ਦਮ ਤੋੜ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਪੋਸਟ ਮਾਰਟਮ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904