ਰਮਨਦੀਪ ਕੌਰ
ਚੰਡੀਗੜ੍ਹ: ਪਿਛਲੇ ਦਿਨੀਂ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਸ਼ਰਧਾਲੂ ਪੰਜਾਬ ਵਾਪਸ ਪਰਤੇ। ਜਿਸ ਮਗਰੋਂ ਸੂਬੇ 'ਚ ਕੋਰੋਨਾ ਵਾਇਰਸ ਦਾ ਪਸਾਰ ਹੋਰ ਰਫ਼ਤਾਰ ਫ਼ੜ੍ਹ ਗਿਆ ਹੈ ਕਿਉਂਕਿ ਇਨ੍ਹਾਂ ਸ਼ਰਧਾਲੂਆਂ 'ਚ ਵੀ ਕੋਰੋਨਾ ਪੌਜ਼ਟਿਵ ਮਰੀਜ਼ ਪਾਏ ਗਏ। ਹੁਸ਼ਿਆਰਪੁਰ ਜ਼ਿਲ੍ਹੇ 'ਚ ਵੀ ਸ੍ਰੀ ਹਜ਼ੂਰ ਸਾਹਿਬ ਤੋਂ ਪਰਤਿਆ ਸ਼ਰਧਾਲੂ ਕੋਰੋਨਾ ਪੌਜ਼ਟਿਵ ਪਾਇਆ ਗਿਆ।
ਇਸ ਤੋਂ ਇਲਾਵਾ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਨਾਂਦੇੜ ਤੋਂ ਵਾਪਸ ਪਰਤੇ ਦੋ ਵਿਅਕਤੀਆਂ ਦੀ ਰਿਪੋਰਟ ਵੀ ਪੌਜ਼ਟਿਵ ਆਈ ਹੈ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੰਧਵਾਂ ਨਾਲ ਸੰਬੰਧਿਤ ਲੋਕਾਂ ਨੂੰ ਨਾਂਦੇੜ ਸਾਹਿਬ ਤੋਂ ਪਰਤਨ 'ਤੇ ਪਿੰਡ ਦੇ ਸਰਕਾਰੀ ਸਕੂਲ ਵਿਚ ਕੋਰਨਟੀਨ ਕੀਤਾ ਗਿਆ ਸੀ। ਫਰੀਦਕੋਟ 'ਚ ਦੋ ਨਵੇਂ ਕੇਸ ਆਉਣ ਮਗਰੋਂ ਐਕਟਿਵ ਮਰੀਜ਼ਾਂ ਦੀ ਕੁੱਲ ਗਿਣਤੀ 4 ਹੋ ਗਈ ਹੈ।
ਇਸ ਮਗਰੋਂ ਪੰਜਾਬ 'ਚ ਪਰਤੇ ਸ਼ਰਧਾਲੂਆਂ 'ਚ ਕੁੱਲ 14 ਕੋਰੋਨਾ ਪੌਜ਼ਟਿਵ ਪਾਏ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਤਰਨਤਾਰਨ, ਕਪੂਰਥਲਾ ਜ਼ਿਲ੍ਹਿਆਂ 'ਚ ਵੀ ਸ਼ਰਧਾਲੂ ਕੋਰੋਨਾ ਪੌਜ਼ਟਿਵ ਆਏ ਸਨ। ਤਰਨਤਾਰਨ 'ਚ ਪਿੰਡ ਸੁਰ ਸਿੰਘ ਦੇ ਪੰਜ, ਖੇਮਕਰਨ ਤੋਂ ਦੋ ਤੇ ਬਾਸਰਕੇ ਪਿੰਡ ਤੋਂ ਕੋਰੋਨਾ ਵਾਇਰਸ ਦਾ ਇਕ ਪੌਜ਼ਟਿਵ ਮਾਮਲਾ ਸਾਹਮਣੇ ਆਇਆ ਹੈ।
ਨਾਂਦੇੜ ਤੋਂ ਪਰਤੇ ਬਹੁਤ ਸਾਰੇ ਸ਼ਰਧਾਲੂਆਂ ਦੀ ਫਿਲਹਾਲ ਰਿਪੋਰਟ ਆਉਣੀ ਬਾਕੀ ਹੈ। ਸ੍ਰੀ ਹਜ਼ੂਰ ਸਾਹਿਬ ਵਿਖੇ ਦਰਸ਼ਨ ਕਰਨ ਗਏ 3500 ਦੇ ਕਰੀਬ ਸ਼ਰਧਾਲੂ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਮਗਰੋਂ ਉੱਥੇ ਹੀ ਫਸ ਗਏ ਸਨ। ਬਾਅਦ 'ਚ ਕੇਂਦਰ ਸਰਕਾਰ ਦੀ ਮਨਜੂਰੀ ਮਿਲਣ ਮਗਰੋਂ ਪੰਜਾਬ ਸਰਕਾਰ ਵੱਲੋਂ ਭੇਜੀਆਂ ਬੱਸਾਂ ਰਾਹੀਂ ਇਨ੍ਹਾਂ ਸ਼ਰਧਾਲੂਆਂ ਨੂੰ ਵਾਪਸ ਲਿਆਂਦਾ ਗਿਆ।