ਚੰਡੀਗੜ੍ਹ: ਲਿਬੀਆ ਵਿੱਚ ਫਸੇ ਤਿੰਨ ਪੰਜਾਬੀ ਨੌਜਵਾਨਾਂ ਨੇ ਵਿਦੇਸ਼ ਮੰਤਰਾਲੇ ਨੂੰ ਮਦਦ ਦੀ ਅਪੀਲ ਕੀਤੀ ਹੈ। ਤਿੰਨੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਤੇ ਰੋਜ਼ੀ ਰੋਟੀ ਲਈ ਅਪ੍ਰੈਲ ਮਹੀਨੇ ਵਿੱਚ ਲੁਧਿਆਣਾ ਦੇ ਏਜੰਟ ਦੀ ਮਦਦ ਨਾਲ ਲਿਬੀਆ ਗਏ ਸਨ। ਲਿਬੀਆ ਪਹੁੰਚਣ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਤੋਂ ਕੰਪਨੀ ਕੰਮ ਤਾਂ ਰੋਜ਼ਾਨਾ ਕਰਵਾ ਰਹੀ ਹੈ ਪਰ ਪੈਸਾ ਕੋਈ ਨਹੀਂ। ਹਾਲਤ ਇਹ ਹੈ ਕਿ ਨੌਜਵਾਨਾਂ ਕੋਲ ਰੋਟੀ ਲਈ ਵੀ ਪੈਸੇ ਨਹੀਂ ਨਹੀਂ। ਇਨ੍ਹਾਂ ਨੌਜਵਾਨਾਂ ਨੇ ਆਪਣੀ ਹੱਡਬੀਤੀ ਵੀਡੀਓ ਰਾਹੀਂ ਬਿਆਨ ਕੀਤੀ ਹੈ। ਤਿੰਨੇ ਨੌਜਵਾਨਾਂ ਨੂੰ ਕੰਪਨੀ ਨੇ ਕੈਦ ਕਰਕੇ ਰੱਖਿਆ ਹੋਇਆ ਹੈ।





ਸਰਬਜੀਤ ਸਿੰਘ ਪਿੰਡ ਲਾਤਲਾ, ਟੀਟੂ ਬਾਂਸਲ ਪਿੰਡ ਬਵਾਨੀ ਤੇ ਮਲਕੀਤ ਸਿੰਘ ਪਿੰਡ ਗਲੋਟੀ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਹਨ। ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਵਿਦੇਸ਼ ਮੰਤਰਾਲੇ ਨੂੰ ਮਦਦ ਦੀ ਅਪੀਲ ਕੀਤੀ। ਸਰਬਜੀਤ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਘਰ ਦੀ ਗ਼ਰੀਬੀ ਦੂਰ ਕਰਨ ਲਈ ਉਸ ਦਾ ਪਤੀ 28 ਅਪ੍ਰੈਲ 2016 ਵਿੱਚ ਲੁਧਿਆਣਾ ਦੇ ਏਜੰਟ ਰਾਹੀਂ ਲਿਬੀਆ ਦੀ ਅਲਬਰਜ਼ ਆਇਲ ਸਰਵਿਸ ਕੰਪਨੀ ਵਿੱਚ ਵੈਲਡਰ ਵਜੋਂ ਗਿਆ ਸੀ।




ਉਨ੍ਹਾਂ ਆਖਿਆ ਕਿ ਲਿਬੀਆ ਪਹੁੰਚਣ ਤੋਂ ਬਾਅਦ ਉਸ ਨਾਲ ਕੰਪਨੀ ਵਾਲਿਆਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਹੀ ਬੱਸ ਨਹੀਂ ਕੰਪਨੀ ਨੇ ਸਰਬਜੀਤ ਸਿੰਘ ਦਾ ਪਾਸਪੋਰਟ ਵੀ ਖੋਹ ਲਿਆ। ਉਨ੍ਹਾਂ ਆਖਿਆ ਕਿ ਸਰਬਜੀਤ ਤੇ ਉਸ ਦੇ ਸਾਥੀਆਂ ਕੋਲੋਂ ਨਾ ਤਾਂ ਫ਼ੋਨ ਤੇ ਨਾ ਹੀ ਪੈਸੇ। ਉਨ੍ਹਾਂ ਆਖਿਆ ਕਿ ਚੋਰੀ ਤੋਂ ਉਨ੍ਹਾਂ ਨੇ ਵੀਡੀਓ ਬਣਾ ਕੇ ਪਰਿਵਾਰ ਨੂੰ ਭੇਜੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਪੂਰੀ ਹਾਲਤ ਦਾ ਪਤਾ ਲੱਗਾ।




ਮਲਕੀਤ ਸਿੰਘ ਦੀ ਕਹਾਣੀ ਵੀ ਸਰਬਜੀਤ ਸਿੰਘ ਵਾਂਗ ਹੀ ਹੈ। ਮਲਕੀਤ ਦੀ ਪਤਨੀ ਮਨਪ੍ਰੀਤ ਕੌਰ ਨੇ ਆਖਿਆ ਕਿ ਉਨ੍ਹਾਂ ਨੂੰ ਸਿਰਫ਼ ਹੁਣ ਵਿਦੇਸ਼ ਮੰਤਰਾਲੇ ਤੋਂ ਆਸ ਹੈ। ਟੀਟੂ ਬਾਂਸਲ ਦੀ ਹਾਲਤ ਤੋਂ ਸਾਰਿਆਂ ਤੋਂ ਖ਼ਰਾਬ ਹੈ। ਸ਼ੂਗਰ ਦੇ ਮਰੀਜ਼ ਟੀਟੂ ਕੋਲ ਨਾ ਤਾਂ ਦਵਾਈ ਹੈ ਤੇ ਨਹੀਂ ਖਾਣ ਲਈ ਪੈਸੇ। ਟੀਟੂ ਬਾਂਸਲ ਦੇ ਬੇਟੇ ਗੁਰਦੀਪ ਸਿੰਘ ਨੇ ਆਖਿਆ ਕਿ ਉਨ੍ਹਾਂ ਦੇ ਪਿਤਾ ਦੀ ਹਾਲਤ ਬਹੁਤ ਖ਼ਰਾਬ ਹੈ। ਗੁਰਦੀਪ ਸਿੰਘ ਨੇ ਦੱਸਿਆ ਕਿ ਲਿਬੀਆ ਸਥਿਤੀ ਭਾਰਤੀ ਏਜੰਸੀ ਨਾਲ ਵੀ ਸੰਪਰਕ ਕੀਤਾ ਗਿਆ ਪਰ ਉੱਥੋਂ ਕੋਈ ਮਦਦ ਨਹੀਂ ਮਿਲ ਰਹੀ।