ਚੰਡੀਗੜ੍ਹ: ਕਾਂਗਰਸ ਵਿੱਚ ਲੋਕ ਸਭਾ ਚੋਣਾਂ ਲਈ ਟਿਕਟਾਂ ਦੀ ਸਭ ਤੋਂ ਵੱਧ ਮਾਰੋ-ਮਾਰ ਹੈ। ਇੱਕ-ਇੱਕ ਟਿਕਟ ਲਈ ਕਈ-ਕਈ ਦਾਅਵੇਦਾਰ ਹਨ। ਦਿਲਚਸਪ ਗੱਲ਼ ਹੈ ਕਿ ਇੱਕੋ ਸੀਟ ਤੋਂ ਕਈ-ਕਈ ਸੀਨੀਅਰ ਲੀਡਰ ਦਾਅਵਾ ਪੇਸ਼ ਕਰ ਰਹੇ ਹਨ। ਇਸ ਦਾ ਕਾਰਨ ਕਾਂਗਰਸ ਦੀਆਂ ਵਿਰੋਧੀ ਪਾਰਟੀਆਂ ਦਾ ਕਮਜ਼ੋਰ ਹੋਣਾ ਮੰਨਿਆ ਜਾ ਰਿਹਾ ਹੈ। ਕਾਂਗਰਸੀ ਲੀਡਰਾਂ ਨੂੰ ਲੱਗ ਰਿਹਾ ਹੈ ਕਿ ਜਿੱਤ ਤਾਂ ਵੱਟ 'ਤੇ ਪਈ ਹੈ।


ਦਰਅਸਲ ਕਾਂਗਰਸ ਵੱਲੋਂ ਚੋਣ ਲੜਨ ਦੇ ਇਛੁੱਕਾਂ ਤੋਂ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ। ਇਨ੍ਹਾਂ ਅਰਜ਼ੀਆਂ ਵਿੱਚ ਹੀ ਪੰਜਾਬ ਦੀ ਚੋਣ ਕਮੇਟੀ ਵੱਲੋਂ ਹਾਈਕਮਾਨ ਨੂੰ ਸਿਫਾਰਸ਼ ਕੀਤੀ ਜਾਏਗੀ। ਇਸ ਲਈ ਟਿਕਟਾਂ ਲਈ ਸਭ ਤੋਂ ਵੱਧ ਦੌੜ ਕਾਂਗਰਸ ਵਿੱਚ ਹੀ ਵੇਖੀ ਜਾ ਰਹੀ ਹੈ। ਦੂਜੀਆਂ ਪਾਰਟੀਆਂ ਅਜੇ ਸ਼ਾਂਤ ਹਨ। ਉਲਟਾ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਉਮੀਦਵਾਰ ਲੱਭਣ ਵਿੱਚ ਵੀ ਦਿੱਕਤ ਆ ਰਹੀ ਹੈ। ਇਸ ਲਈ ਆਮ ਆਦਮੀ ਪਾਰਟੀ ਤਾਂ ਮੌਜੂਦਾ ਵਿਧਾਇਕਾਂ ਨੂੰ ਵੀ ਮੈਦਾਨ ਵਿੱਚ ਉਤਾਰਣ ਦੀ ਰਣਨੀਤੀ ਘੜ ਰਹੀ ਹੈ।

ਕਾਂਗਰਸ ਦੇ ਸੂਤਰਾਂ ਮੁਤਾਬਕ ਸੀਨੀਅਰ ਲੀਡਰਾਂ ਨੇ ਵੱਖ-ਵੱਖ ਲੋਕ ਸਭਾ ਹਲਕਿਆਂ ਲਈ ਦਾਅਵੇਦਾਰੀਆਂ ਲਈ ਅਰਜ਼ੀਆਂ ਦੇ ਕੇ ਚੋਣ ਮੈਦਾਨ ਰੌਚਕ ਬਣਾ ਦਿੱਤਾ ਹੈ। ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋਏ ਸਾਬਕਾ ਕੈਬਨਿਟ ਮੰਤਰੀ ਸਰਵਨ ਸਿੰਘ ਫਿਲੌਰ ਨੇ ਤਾਂ ਦੋ ਰਾਖਵੇਂ ਹਲਕਿਆਂ ਜਲੰਧਰ ਤੇ ਹੁਸ਼ਿਆਰਪੁਰ ਤੋਂ ਅਰਜ਼ੀਆਂ ਦਿੱਤੀਆਂ ਹਨ। ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਰਾਖਵੇਂ ਲੋਕ ਸਭਾ ਹਲਕੇ ਤੋਂ ਸਾਬਕਾ ਕਾਂਗਰਸ ਵਿਧਾਇਕ ਸਤਵੰਤ ਸਿੰਘ ਮੋਹੀ ਤੇ ਉਨ੍ਹਾਂ ਦੇ ਲੜਕੇ ਚੰਦਵੇਸ਼ਵਰ ਮੋਹੀ ਨੇ ਦਾਅਵਾ ਪੇਸ਼ ਕੀਤਾ ਹੈ।

ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਨਵਾਂ ਸ਼ਹਿਰ ਦੇ ਸਾਬਕਾ ਕਾਂਗਰਸ ਪ੍ਰਧਾਨ ਸਤਵੀਰ ਸਿੰਘ ਪਾਲੀਝਿਕੀ, ਕਾਂਗਰਸ ਦੇ ਸੀਨੀਅਰ ਆਗੂ ਰਾਜਪਾਲ ਸਿੰਘ ਤੇ ਸਮਾਜ ਸੇਵੀ ਚੌਧਰੀ ਆਰਪੀ ਸਿੰਘ ਨੇ ਅਰਜ਼ੀਆਂ ਦੇ ਆਪਣਾ ਦਾਅਵਾ ਪੇਸ਼ ਕੀਤਾ ਹੈ। ਇਸ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਬਾਜਵਾ, ਸਮਰਲਾ ਤੋਂ ਕਾਂਗਰਸ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਪੋਤੇ ਕਰਨਵੀਰ ਢਿੱਲੋਂ ਨੇ ਵੀ ਅਰਜ਼ੀ ਦਿੱਤੀ ਹੈ। ਕੁਝ ਹੋਰ ਆਗੂਆਂ ਦੇ ਵੀ ਇਸ ਹਲਕੇ ਤੋਂ ਅਰਜ਼ੀਆਂ ਦੇਣ ਦੀ ਆਸ ਹੈ। ਇਸੇ ਤਰ੍ਹਾਂ ਸੰਗਰੂਰ ਹਲਕੇ ਤੋਂ ਵੀ ਕਈ ਦਾਅਵੇਦਾਰ ਹਨ ਤੇ ਸਾਬਕਾ ਵਿਧਾਇਕ ਤੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਨੇ ਅਰਜ਼ੀ ਦਿੱਤੀ ਹੈ। ਇਸ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਵੱਲੋਂ ਦਾਅਵਾ ਪੇਸ਼ ਕੀਤੇ ਜਾਣ ਦੀ ਆਸ ਹੈ।