Operation Blue Star Anniversary: 1984 ਵਿੱਚ ਹੋਏ ਆਪ੍ਰੇਸ਼ਨ ਬਲੂ ਸਟਾਰ ਦੀ 38ਵੀਂ ਬਰਸੀ ਮੌਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਆਖਿਆ ਕਿ ਇਸ ਆਪ੍ਰੇਸ਼ਨ ਦੌਰਾਨ ਬੱਚਿਆਂ ਤੇ ਬਜ਼ੁਰਗਾਂ ਸਮੇਤ ਸ਼ਹੀਦੀਆਂ ਹੋਈਆਂ ਸਨ।" ਆਪਣੇ ਸੰਬੋਧਨ ਦੌਰਾਨ ਜਥੇਦਾਰ ਨੇ ਪੰਥ ਨੂੰ ਦਰਪੇਸ਼ ਸਮੱਸਿਆਵਾਂ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਕੌਮ ਦੇ ਅੱਗੇ ਕਈ ਚੁਣੌਤੀਆਂ ਖੜ੍ਹੀਆਂ ਹਨ।



ਜਥੇਦਾਰ ਨੇ ਸੰਬੋਧਨ ਦੀ ਸ਼ੁਰੂਆਤ ਕਰਦਿਆਂ ਕਿਹਾ, ''ਸਿੱਖ ਕੌਮ ਨੂੰ ਆਰਥਿਕ, ਸਮਾਜਿਕ, ਧਾਰਮਿਕ ਤੇ ਰਾਜਨੀਤਕ ਤੌਰ 'ਤੇ ਕਮਜ਼ੋਰ ਕਰਨ ਦੀ ਨੀਤੀ ਮਰਹੂਮ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਤਿਆਰ ਕੀਤੀ ਗਈ ਸੀ।'' ਉਨ੍ਹਾਂ ਕਿਹਾ ਕਿ ''ਇਹ ਨੀਤੀਆਂ 1947 ਵਿੱਚ ਹੀ ਬਣ ਗਈਆਂ ਸਨ। ਇਸ ਦਾ ਸਿੱਟਾ 1984 ਵਿੱਚ ਅਕਾਲ ਤਖ਼ਤ ਤੇ ਹੋਰ ਧਾਰਮਿਕ ਸਥਾਨਾਂ ਉੱਪਰ ਹਮਲੇ ਦੇ ਰੂਪ ਵਿੱਚ ਸਾਹਮਣੇ ਆਇਆ।"

ਜਥੇਦਾਰ ਨੇ ਪੰਜਾਬ ਵਿਚ ਈਸਾਈ ਧਰਮ ਦੇ ਹੋ ਰਹੇ ਪ੍ਰਚਾਰ ਉੱਤੇ ਚਿੰਤਾ ਜਾਹਰ ਕਰਦਿਆਂ ਕਿਹਾ, "ਸਾਨੂੰ ਧਾਰਮਿਕ ਤੌਰ 'ਤੇ ਕਮਜ਼ੋਰ ਕਰਨ ਲਈ ਪੰਜਾਬ ਦੀ ਧਰਤੀ ਉਪਰ ਇਸਾਈਅਤ ਦਾ ਪ੍ਰਚਾਰ ਹੋ ਰਿਹਾ ਹੈ। ਪਿੰਡ- ਪਿੰਡ ਵਿੱਚ ਚਰਚਾਂ ਬਣ ਰਹੀਆਂ ਹਨ।" ਉਨ੍ਹਾਂ ਕਿਹਾ ਕਿ "ਇਹ ਸਾਡੇ ਲਈ ਫਿਕਰ ਵਾਲੀ ਗੱਲ ਹੈ। ਹੁਣ ਪਿੰਡਾਂ ਵਿੱਚ ਪ੍ਰਚਾਰ ਕਰਨ ਦਾ ਸਮਾਂ ਆ ਗਿਆ ਹੈ। ਏਸੀ ਕਮਰਿਆਂ ਵਿੱਚੋਂ ਨਿਕਲ ਕੇ ਧਰਮ ਪ੍ਰਚਾਰ ਕੀਤਾ ਜਾਵੇ। ਖ਼ਾਸ ਕਰਕੇ ਸਰਹੱਦੀ ਇਲਾਕਿਆਂ ਵਿੱਚ ਜਾ ਕੇ ਸਿੱਖੀ ਨੂੰ ਮਜ਼ਬੂਤ ਕਰੋ। ਜੇਕਰ ਅਸੀਂ ਧਾਰਮਿਕ ਤੌਰ ਉੱਪਰ ਮਜ਼ਬੂਤ ਨਾ ਹੋਏ ਤਾਂ ਆਰਥਿਕ ਤੌਰ 'ਤੇ ਮਜ਼ਬੂਤ ਨਹੀਂ ਹੋ ਸਕਦੇ। ਫਿਰ ਅਸੀਂ ਰਾਜਨੀਤਕ ਤੌਰ 'ਤੇ ਕਮਜ਼ੋਰ ਹੋ ਜਾਵਾਂਗੇ।"

ਜਥੇਦਾਰ ਨੇ ਸਿੱਖ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਤੇ ਪੜ੍ਹਾਈ ਉੱਪਰ ਧਿਆਨ ਦੇਣ ਦੀ ਗੱਲ ਵੀ ਆਖੀ। ''ਵਿੱਦਿਆ ਵਿੱਚ ਉਨ੍ਹਾਂ ਨੂੰ ਇੰਨੇ ਨਿਪੁਣ ਕਰੀਏ, ਕਿ ਸਾਡੇ ਨੌਜਵਾਨ ਜਿਹੜੇ ਵੀ ਮੁਲਕ ਵਿਚ ਜਾਣ ਯਹੂਦੀਆਂ ਵਾਂਗ ਉੱਥੋਂ ਦੀ ਆਰਥਿਕਤਾ ਉੱਤੇ ਕਬਜਾ ਕਰ ਲੈਣ'' ਜਥੇਦਾਰ ਅਕਾਲ ਤਖ਼ਤ ਨੇ ਅੱਗੇ ਆਖਿਆ ਕਿ ਇਸ ਵਾਰ ਸਰਕਾਰਾਂ ਵੱਲੋਂ ਜ਼ਿਆਦਾ ਸੁਰੱਖਿਆ ਫੋਰਸ ਲਗਾਈ ਗਈ ਹੈ।