ਮਾਨਸਾ: ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਸੰਸਦੀ ਹਲਕੇ ਅਧੀਨ ਆਉਂਦਾ ਵਿਧਾਨ ਸਭਾ ਹਲਕਾ ਮਾਨਸਾ ਕਾਫੀ ਮੁਸ਼ਕਿਲਾਂ ਲੈ ਕੇ ਆ ਰਿਹਾ ਜਾਪਦਾ ਹੈ। ਪਹਿਲਾਂ ਇਸੇ ਹਲਕੇ ਦੇ ਨੌਜਵਾਨ ਨੇ ਵੜਿੰਗ ਨੂੰ ਰੁਜ਼ਗਾਰ ਦੇ ਮਾਮਲੇ 'ਤੇ ਘੇਰਿਆ ਅਤੇ ਹੁਣ ਵੜਿੰਗ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਨਾਲ ਸਬੰਧਤ ਨੌਜਵਾਨ ਟਿੰਕੂ ਪੰਜਾਬ ਨਾਲ ਵਿਵਾਦ ਵਿੱਚ ਘਿਰ ਗਏ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਕਥਿਤ ਵੀਡੀਓ 'ਚ ਵੜਿੰਗ ਵੱਲੋਂ ਟਿੰਕੂ ਨੂੰ ਪੈਸੇ ਦਿੱਤੇ ਜਾ ਰਹੇ ਹਨ। ਹੁਣ ਵਿਰੋਧੀ ਪਾਰਟੀਆਂ ਇਸ ਹਰਕਤ 'ਤੇ ਵੜਿੰਗ ਦੀ ਨਾਮਜ਼ਦਗੀ ਰੱਦ ਕਰਵਾਉਣ 'ਤੇ ਅੜੀ ਗਈਆਂ ਹਨ।



ਟਿੰਕੂ-ਵੜਿੰਗ ਵਿਵਾਦ 'ਤੇ ਜਿੱਥੇ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਅਮਨ ਅਰੋੜਾ ਨੇ ਚੋਣ ਕਮਿਸ਼ਨ ਤੋਂ ਰਾਜਾ ਵੜਿੰਗ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ, ਉੱਥੇ ਸੁਖਪਾਲ ਖਹਿਰਾ ਤਾਂ ਟਿੰਕੂ ਦੇ ਘਰ ਹੀ ਪਹੁੰਚ ਗਏ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਖਹਿਰਾ ਨੇ ਕਿਹਾ ਕਿ ਕਾਂਗਰਸ ਡਰਾਉਣ-ਧਮਕਾਉਣ ਦੇ ਨਾਲ-ਨਾਲ ਸ਼ਹਿਰ ਦੇ ਵਿਕਾਸ ਲਈ ਲੜ ਰਹੇ ਲੋਕਾਂ ਨੂੰ ਖਰੀਦਣ ਦੀਆਂ ਘਟੀਆਂ ਹਰਕਤਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਮੁੱਖ ਚੋਣ ਅਫ਼ਸਰ ਨੂੰ ਵੜਿੰਗ ਖ਼ਿਲਾਫ਼ ਸ਼ਿਕਾਇਤ ਭੇਜ ਉਸ ਦੀ ਉਮੀਦਵਾਰੀ ਖਾਰਜ ਕਰਨ ਦੀ ਮੰਗ ਕੀਤੀ ਹੈ।



ਆਮ ਆਦਮੀ ਪਾਰਟੀ ਦੇ ਨੇਤਾ ਅਮਨ ਅਰੋੜਾ ਨੇ ਕਿਹਾ ਕਿ ਰਾਜਾ ਵੜਿੰਗ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵੜਿੰਗ ਖ਼ਿਲਾਫ਼ ਚੋਣ ਕਮਿਸ਼ਨ ਨੂੰ ਸਖਤ ਤੋਂ ਸਖਤ ਐਕਸ਼ਨ ਲੈਣ ਲਈ ਸ਼ਿਕਾਇਤ ਵੀ ਭੇਜੀ ਹੈ। ਉੱਧਰ, ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਨੇ ਵੀ ਕੈਪਟਨ ਸਰਕਾਰ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਵੀਡੀਓ ਸਬੂਤ ਜਾਰੀ ਹੋਣ ਦੇ ਬਾਵਜੂਦ ਉਸ 'ਤੇ ਐਕਸ਼ਨ ਕਿਉਂ ਨਹੀਂ ਹੋ ਰਿਹਾ। ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਚੋਣ ਕਮਿਸ਼ਨਰ ਨੂੰ ਰਾਜਾ ਵੜਿੰਗ ਦੀ ਉਮੀਦਵਾਰੀ ਖਾਰਜ ਕਰਨ ਤੇ ਵਾਇਰਲ ਵੀਡੀਓ 'ਚ ਦਿੱਸ ਰਹੇ ਸਾਰੇ ਕਾਂਗਰਸੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।



ਇਸ ਸਾਰੇ ਮਾਮਲੇ 'ਤੇ ਟਿੰਕੂ ਪੰਜਾਬ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਨਾਲ ਉਨ੍ਹਾਂ ਦੇ ਕਈ ਸਾਥੀ ਸ਼ਾਮ ਨੂੰ ਉਨ੍ਹਾਂ ਦੇ ਘਰ ਆਏ ਤੇ ਉਨ੍ਹਾਂ ਦੇ ਸਾਥੀ ਨੇ ਉਨ੍ਹਾਂ ਨੂੰ ਪੈਸੇ ਫੜਾਏ, ਪਰ ਉਹ ਨਹੀਂ ਸੀ ਜਾਣਦਾ ਇਹ ਪੈਸੇ ਕਿਸ ਕੰਮ ਲਈ ਦਿੱਤੇ ਜਾ ਰਹੇ ਸਨ। ਟਿੰਕੂ ਨੇ ਅੱਗੇ ਦੱਸਿਆ ਕਿ ਵੜਿੰਗ ਦੇ ਨਾਲ ਆਈ ਮਹਿਲਾ ਲੀਡਰ ਨੇ ਇਹ ਵੀ ਕਿਹਾ ਕਿ ਕੈਪਟਨ ਸਾਬ ਦਾ ਤੋਹਫਾ ਸਮਝ ਕੇ ਰੱਖ ਲੈ, ਪੂਰੇ 50 ਨੇ। ਟਿੰਕੂ ਮੁਤਾਬਕ ਉਸ ਦੇ ਮਨ੍ਹਾਂ ਕਰਨ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਰੱਖ ਲੈ ਘਰ ਆਈ ਲੱਛਮੀ ਨਹੀਂ ਮੋੜੀਦੀ। ਉਨ੍ਹਾਂ ਕਿਹਾ ਕਿ ਫਿਰ ਉਹ ਉਸ ਨੂੰ ਬਾਹਰ ਲੈ ਗਏ ਤੇ ਉਸ ਨੇ ਇਹ ਮਾਮਲਾ ਉਜਾਗਰ ਕਰ ਦਿੱਤਾ। ਰਾਜਾ ਵੜਿੰਗ ਆਪਣੇ 'ਤੇ ਲੱਗੇ ਇਲਜ਼ਾਮਾਂ ਦਾ ਖੰਡਨ ਕੀਤਾ ਤੇ ਕਿਹਾ ਕਿ ਉਹ ਵੀ ਟਿੰਕੂ ਪੰਜਾਬ ਦੀ ਸ਼ਿਕਾਇਤ ਕਰਨਗੇ।

ਰਾਜਾ ਵੜਿੰਗ ਦੀ ਸਫਾਈ-