ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੀ ਸੁੰਦਰਤਾ ਲਈ ਮਿਊਂਸਪਲ ਕਾਰਪੋਰੇਸ਼ਨ ਕੋਈ ਕਸਰ ਨਹੀਂ ਛੱਡ ਰਹੀ। ਨਵੀਂ ਪਹਿਲ ਦੇ ਤਹਿਤ ਕਾਰਪੋਰੇਸ਼ਨ ਨੇ ਦਰਬਾਰ ਸਾਹਿਬ ਦੇ ਬਾਹਰ ਹੈਰੀਟੇਜ ਸਟ੍ਰੀਟ ਵਿੱਚ 10 ਪੈੱਟ ਬੋਤਲ ਕਰੱਸ਼ਰ (ਪਲਾਸਟਿਕ ਦੀਆਂ ਬੇਕਾਰ ਬੋਤਲਾਂ ਭੰਨਣ ਤੇ ਮੁੜ ਨਵਿਆਉਣਯੋਗ ਬਣਾਉਣ ਵਾਲੀਆਂ ਮਸ਼ੀਨਾਂ) ਲਾਏ ਹਨ। ਯਾਨੀ ਪਲਾਸਟਿਕ ਦੀਆਂ ਬੋਤਲਾਂ ਨੂੰ ਸੁੱਟਣ ਦੀ ਬਜਾਏ ਇਨ੍ਹਾਂ ਮਸ਼ੀਨਾਂ ਵਿੱਚ ਪਾਇਆ ਜਾਏ। ਇਸ ਲਈ ਸ਼ਰਧਾਲੂਆਂ ਨੂੰ ਡਿਸਕਾਊਂਟ ਕੂਪਨ ਦਿੱਤੇ ਜਾ ਰਹੇ ਹਨ ਜਿਨ੍ਹਾਂ ਨੂੰ ਭਰਾਵਾਂ ਦੇ ਢਾਬੇ ਤੇ ਪੰਜਾਬੀ ਜੁੱਤੀ ਦੇ ਸਟੋਰਾਂ ਤੋਂ ਇਲਾਵਾ ਹੋਰ ਸ਼ਾਪਿੰਗ ਸਟੋਰਾਂ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ।


ਸਥਾਨਕ ਲੋਕ ਤੇ ਸੈਲਾਨੀ ਇਨ੍ਹਾਂ ਮਸ਼ੀਨਾਂ ਦਾ ਖ਼ੂਬ ਇਸਤੇਮਾਲ ਕਰ ਰਹੇ ਹਨ। ਸਫ਼ਾਈ ਦੇ ਨਾਲ ਹੀ 10 ਤੋਂ 20 ਫੀਸਦੀ ਡਿਸਕਾਊਂਟ ਕੂਪਨ ਮਿਲਣ ਕਰਕੇ ਲੋਕ ਖ਼ੁਸ਼ ਵੀ ਹਨ। ਸਵੱਛ ਆਈਕੌਨਿਕ ਪਲੇਸਿਸ (SIP) ਪ੍ਰੋਜੈਕਟ ਦੇ ਤਹਿਤ 10 ਮਸ਼ੀਨਾਂ ਲਾਉਣ 'ਤੇ ਕਾਰਪੋਰੇਸ਼ਨ ਨੇ ਪੰਜ ਲੱਖ ਰੁਪਏ ਖ਼ਰਚ ਕੀਤੇ ਹਨ। ਇਸ ਯੋਜਨਾ ਲਈ ਕਾਰਪੋਰੇਸ਼ਨ ਨੇ 'ਥ੍ਰੋ ਟਰੈਸ਼, ਸੇਵ ਕੈਸ਼' ਦਾ ਸਲੋਗਨ ਵੀ ਰੱਖਿਆ ਹੈ, ਯਾਨੀ ਕੂੜਾ ਸੁੱਟੋ ਤੇ ਪੈਸੇ ਬਚਾਓ।

ਹਰ ਮਸ਼ੀਨ ਦਿਨ ਭਰ ਵਿੱਚ 200 ਬੋਤਲਾਂ ਨੂੰ ਬੰਨ੍ਹੇ ਲਾ ਸਕਦੀ ਹੈ। ਸਥਾਨਕ ਲੋਕਾਂ ਨੇ ਇਸ ਉਪਰਾਲੇ ਦੀ ਕਾਫ਼ੀ ਸ਼ਲਾਘਾ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਮਸ਼ੀਨਾਂ ਪੂਰੇ ਸ਼ਹਿਰ ਵਿੱਚ ਲਾਈਆਂ ਜਾਣੀਆਂ ਚਾਹੀਦੀਆਂ ਹਨ। ਇਸ ਉਪਰਾਲੇ ਨਾਲ ਪ੍ਰਦੂਸ਼ਣ ਘਟੇਗਾ ਤੇ ਲੋਕਾਂ ਨੂੰ ਇਨਸੈਂਟਿਵ ਵੀ ਮਿਲਣਗੇ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਸਮੇਂ ਵਿੱਚ ਸ਼ਹਿਰ 'ਚ ਹੋਰ ਮਸ਼ੀਨਾਂ ਲਾਈਆਂ ਜਾਣਗੀਆਂ।