ਨਵੀਂ ਦਿੱਲੀ: ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਸੰਨੀ ਦਿਓਲ ਨੂੰ ਉਮੀਦਵਾਰ ਬਣਾਉਣ ਮਗਰੋਂ ਬੀਜੇਪੀ ਵਿੱਚ ਬਗ਼ਾਵਤੀ ਸੁਰ ਉੱਠਣੇ ਸ਼ੁਰੂ ਹੋ ਗਏ ਹਨ। ਸ਼ਨੀਵਾਰ ਨੂੰ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਦੇ ਫੈਸਲੇ 'ਤੇ ਅਸੰਤੁਸ਼ਟੀ ਜ਼ਾਹਰ ਕੀਤੀ।

ਉਨ੍ਹਾਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇਣ ਭਰੋਸਾ ਦਿੱਤਾ ਸੀ ਪਰ ਐਨ ਮੌਕੇ 'ਤੇ ਟਿਕਟ ਸੰਨੀ ਦਿਓਲ ਨੂੰ ਦੇ ਦਿੱਤੀ ਗਈ। ਆਸ ਨਹੀਂ ਸੀ ਕਿ ਪਾਰਟੀ ਵਿਤਕਰਾ ਕਰੇਗੀ। ਹਾਲਾਂਕਿ, ਉਨ੍ਹਾਂ ਸਾਫ਼ ਕਿਹਾ ਕਿ ਉਹ ਮੋਦੀ ਨੂੰ ਹੀ ਦੁਬਾਰਾ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਹਨ। ਉੱਧਰ, ਬੀਜੇਪੀ ਲੀਡਰ ਸਵਰਨ ਸਲਾਰੀਆ ਵੀ ਫੈਸਲੇ ਤੋਂ ਨਾਰਾਜ਼ ਨਜ਼ਰ ਆ ਰਹੇ ਹਨ। ਪਾਰਟੀ ਵੱਲੋਂ ਸੰਨੀ ਦਿਓਲ ਨੂੰ ਟਿਕਟ ਦਿੱਤੇ ਜਾਣ ਮਗਰੋਂ ਸਲਾਰੀਆ ਨੂੰ ਆਪਣਾ ਹੱਕ ਜਾਂਦਾ ਦਿੱਸ ਰਿਹਾ ਹੈ।


ਦੱਸ ਦੇਈਏ ਪਿਛਲੀਆਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਬੀਜੇਪੀ ਨੇ ਬਾਲੀਵੁੱਡ ਅਦਾਕਾਰ ਵਿਨੋਦ ਖੰਨਾ ਨੂੰ ਉਮੀਦਵਾਰ ਬਣਾਇਆ ਸੀ। ਉਨ੍ਹਾਂ ਕਾਂਗਰਸੀ ਉਮੀਦਵਾਰ ਪ੍ਰਤਾਪ ਬਾਜਵਾ ਨੂੰ ਹਰਾ ਕੇ ਲੋਕ ਸਭਾ ਵਿੱਚ ਥਾਂ ਪੱਕੀ ਕੀਤੀ। ਪਰ ਉਨ੍ਹਾਂ ਦੀ ਮੌਤ ਤੋਂ ਬਾਅਦ 2017 'ਚ ਜ਼ਿਮਨੀ ਚੋਣਾਂ ਹੋਈਆਂ ਤੇ ਬੀਜੇਪੀ ਨੇ ਸਵਰਨ ਸਲਾਰੀਆ ਨੂੰ ਉਮੀਦਵਾਰ ਖੜ੍ਹਾ ਕੀਤਾ ਸੀ। ਇੱਧਰੋਂ, ਕਾਂਗਰਸ ਨੇ ਮੌਜੂਦਾ ਸੰਸਦ ਮੈਂਬਰ ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਮੈਦਾਨ ਵਿੱਚ ਉਤਾਰਿਆ ਹੈ। ਜਾਖੜ ਨੇ ਸਲਾਰੀਆ ਨੂੰ ਹਰਾ ਦਿੱਤਾ ਸੀ। ਹੁਣ ਬੀਜੇਪੀ ਨੇ ਕਵਿਤਾ ਤੇ ਸਲਾਰੀਆ ਨੂੰ ਛੱਡ ਦਿਓਲ ਨੂੰ ਟਿਕਟ ਦੇ ਦਿੱਤੀ ਹੈ।