ਡੇਰਾ ਬਾਬਾ ਨਾਨਕ: ਕਰਤਾਰਪੁਰ ਲਾਂਘੇ ਦੇ ਨਿਰਮਾਣ ਤਹਿਤ ਪਾਕਿਸਤਾਨ ਨੇ ਲਾਂਘੇ ਦੀ ਸੜਕ ਵਿੱਚ ਆਉਂਦੀ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਹੁਣ ਕਟਾਈ ਸ਼ੁਰੂ ਕੀਤੀ ਹੈ। ਰੇਂਜਰਾਂ ਦੀ ਨਿਗਰਾਨੀ ਹੇਠ ਕੰਬਾਈਨ ਨਾਲ ਫਸਲ ਕਟਵਾਈ ਜਾ ਰਹੀ ਹੈ। ਪਰ ਇੱਧਰ ਭਾਰਤ ਨੇ ਆਪਣੇ ਹਿੱਸੇ ਦੀ ਇੰਟੀਗਰੇਟਿਡ ਚੈਕ ਪੋਸਟ ਬਣਾਉਣ ਲਈ 19 ਮਾਰਚ ਨੂੰ ਕਿਸਾਨਾਂ ਦੀ ਕੱਚੀ ਫਸਲ ਹੀ ਕਟਵਾ ਦਿੱਤੀ ਸੀ। ਇਸ ਲਈ ਨਾ ਤਾਂ ਉਨ੍ਹਾਂ ਨੂੰ ਕੋਈ ਮੁਆਵਜ਼ਾ ਦਿੱਤਾ ਗਿਆ ਤੇ ਨਾ ਹੀ ਉਸ ਜ਼ਮੀਨ 'ਤੇ ਕੰਮ ਸ਼ੁਰੂ ਹੋ ਪਾਇਆ। ਇਸ ਤੋਂ ਭਾਰਤ ਵਾਲੇ ਪਾਸੇ ਦੇ ਕਿਸਾਨ ਕਾਫ਼ੀ ਗੁੱਸਾ ਹੋ ਗਏ ਹਨ।


ਇਸ ਸਬੰਦੀ ਰੋਹ ਵਿੱਚ ਆਏ ਕਿਸਾਨਾਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਲਾਂਘੇ ਦੇ ਨਿਰਮਾਣ ਦੇ ਕੰਮਕਾਜ ਵਿੱਚ ਤੇਜ਼ੀ ਵੇਖਦਿਆਂ ਜਲਦਬਾਜ਼ੀ ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਦੀ ਕੱਚੀ ਕਣਕ ਕਟਵਾ ਦਿੱਤੀ ਤੇ ਹਾਲੇ ਤਕ ਉਨ੍ਹਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ। ਜੇ ਉਨ੍ਹਾਂ ਦੀ ਕੱਚੀ ਫਸਲ ਨਾ ਕੱਟੀ ਗਈ ਹੁੰਦੀ ਤਾਂ ਉਨ੍ਹਾਂ ਦਾ ਕੁਝ ਬਣ ਜਾਣਾ ਸੀ। ਹਾਲਾਂਕਿ ਐਸਡੀਐਮ ਗੁਰਸਿਮਰਨ ਸਿੰਘ ਢਿੱਲੋਂ ਨੇ ਸੋਮਵਾਰ ਤਕ ਕਿਸਾਨਾਂ ਨੂੰ ਫਸਲੀ ਮੁਆਵਜ਼ਾ ਦੇਣ ਲਈ ਕਿਹਾ ਹੈ।

ਦੱਸ ਦੇਈਏ 19 ਮਾਰਚ ਨੂੰ ਭਾਰਤ ਵਾਲੇ ਪਾਸਿਓਂ ਡੇਰਾ ਬਾਬਾ ਨਾਨਕ ਦੀ ਸਰਹੱਦ 'ਤੇ 108 ਏਕੜ ਫ਼ਸਲ 'ਤੇ ਜੇਸੀਬੀ ਚਲਵਾ ਦਿੱਤੀ ਗਈ ਸੀ। ਇਸ ਵਿੱਚ 50 ਏਕੜ ਜ਼ਮੀਨ ਇੰਟੀਗ੍ਰੇਟਿਡ ਚੈਕ ਪੋਸਟ ਬਣਾਉਣ ਲਈ ਤੇ ਬਾਕੀ 58 ਏਕੜ ਲਾਂਘੇ ਲਈ ਸੜਕ ਬਣਾਉਣ ਲਈ ਸੀ। ਭਾਰਤ ਸਰਕਾਰ ਨੇ ਪਾਕਿਸਤਾਨ ਦਾ ਕੰਮ ਵੇਖ ਵੇਖਦਿਆਂ ਕਿਸਾਨਾਂ ਦੀ ਕੱਚੀ ਫਸਲ ਕਟਵਾਉਣ ਦਾ ਫੈਸਲਾ ਕੀਤਾ ਸੀ।