ਬਰਨਾਲਾ: ਬੱਤੀ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 414 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਇੱਕੋ ਹਫਤੇ ਦੌਰਾਨ ਸੁਪਰੀਮ ਕੋਰਟ ਨੇ ਤੀਸਰੀ ਵਾਰ ਪਰਾਲੀ ਸਾੜਨ ਦੇ ਮਸਲੇ 'ਤੇ ਕਿਸਾਨਾਂ ਦੇ ਪੱਖ ਵਿੱਚ ਟਿੱਪਣੀ ਕੀਤੀ ਹੈ। ਬੀਤੇ ਕੱਲ੍ਹ ਪ੍ਰਦੂਸ਼ਨ ਬਾਰੇ ਇਕ ਸੁਣਵਾਈ ਦੌਰਾਨ ਜੱਜ ਸਾਹਿਬ ਨੇ ਕੇਂਦਰ ਤੇ ਦਿੱਲੀ ਸਰਕਾਰ ਨੂੰ ਝਾੜ ਪਾਉਂਦਿਆਂ ਟਿੱਪਣੀ ਕੀਤੀ ਕਿ ਦਿੱਲੀ ਦੇ ਹੋਟਲਾਂ ਵਿੱਚ ਬੈਠ ਕੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ।


ਪ੍ਰਦੂਸ਼ਣ ਦੇ ਅਸਲੀ ਕਾਰਨ ਹੋਰ ਹਨ ਪਰ ਸਰਕਾਰਾਂ,ਪਰਾਲੀ ਦਾ ਬਹਾਨਾ ਬਣਾ ਕੇ ,ਕਿਸਾਨਾਂ ਨੂੰ ਬਦਨਾਮ ਕਰਨ 'ਤੇ ਲੱਗੀਆਂ ਹੋਈਆਂ ਹਨ। ਸਰਕਾਰ ਨੂੰ ਪ੍ਰਦੂਸ਼ਣ ਦੇ ਅਸਲੀ ਕਾਰਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਪਰਾਲੀ ਦਾ ਨਿਬੇੜਾ ਕਰਨ ਲਈ ਕਿਸਾਨਾਂ ਦੀ ਢੁੱਕਵੀਂ ਮਦਦ ਕਰਨੀ ਚਾਹੀਦੀ ਹੈ।


ਪਰਾਲੀ ਦੇ ਮਸਲੇ 'ਤੇ ਸੁਪਰੀਮ ਕੋਰਟ ਦੀਆਂ ਹਾਲੀਆ ਟਿੱਪਣੀਆਂ ਦੇ ਸੰਦਰਭ ਵਿੱਚ ਬੁਲਾਰਿਆਂ ਨੇ ਕਿਹਾ ਕਿ ਪਰਾਲੀ ਸਾੜਨਾ ਕਿਸਾਨਾਂ ਦੀ ਮਜ਼ਬੂਰੀ ਹੈ।ਪਰਾਲੀ ਦਾ ਨਿਬੇੜਾ ਕਰਨਾ ਬਹੁਤ ਮਹਿੰਗਾ ਪੈਂਦਾ ਹੈ ਅਤੇ ਕਿਸਾਨ ਇਹ ਵਾਧੂ ਖਰਚਾ ਕਰਨ ਤੋਂ ਅਸਮਰੱਥ ਹਨ। ਜੇਕਰ ਸਰਕਾਰ 200 ਰੁਪਏ ਪ੍ਰਤੀ ਕੁਇੰਟਲ ਦਾ ਭੁਗਤਾਨ ਕਰੇ ਤਾਂ ਕਿਸਾਨ ਪਰਾਲੀ ਦੀ ਸੰਭਾਲ ਦੇ ਬਦਲਵੇਂ ਤਰੀਕੇ ਅਪਣਾ ਸਕਦੇ ਹਨ ਅਤੇ ਪਰਾਲੀ ਦਾ ਮਸਲਾ ਹੱਲ ਹੋ ਸਕਦਾ ਹੈ।


ਅੱਜ ਬੁਲਾਰਿਆਂ ਨੇ ਇੱਕ ਕਿਸਾਨ ਜਥੇਬੰਦੀ ਵੱਲੋਂ ਚੋਣਾਂ ਲੜ੍ਹਨ ਦੀ ਵਕਾਲਤ ਕਰਨ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਇਸ ਮੌਕੇ ਜਦੋਂ ਕਿਸਾਨ ਅੰਦੋਲਨ ਨਿਰਨਾਇਕ ਮੋੜ 'ਤੇ ਹੈ, ਚੋਣਾਂ ਵਰਗੇ ਫੁੱਟ-ਪਾਊ, ਸਾਜਿਸ਼ਕਾਰੀ ਤੇ ਭਰਾ-ਮਾਰੂ ਵਰਤਾਰੇ ਵਿਚ ਉਲਝਣਾ ਬਹੁਤ ਵੱਡੀ ਗਲਤੀ ਹੋਵੇਗੀ। 


ਚੋਣਾਂ 'ਚ ਸ਼ਮੂਲੀਅਤ ਸਾਡੇ ਅੰਦੋਲਨ  ਲਈ  ਬਹੁਤ ਘਾਤਕ ਸਿੱਧ ਹੋਵੇਗੀ ਅਤੇ ਅਸਲੀ ਨਿਸ਼ਾਨੇ ਤੋਂ ਸਾਡਾ ਧਿਆਨ ਭਟਕਾ ਦੇਵੇਗੀ। ਖੇਤੀ ਕਾਨੂੰਨ ਰੱਦ ਕਰਵਾਉਣਾ ਹੀ ਸਾਡਾ ਇੱਕੋ ਇੱਕ ਮੌਜੂਦਾ ਟੀਚਾ ਹੈ।ਸਾਨੂੰ ਚੋਣਾਂ ਦੀ ਵਕਾਲਤ ਕਰਨ ਵਾਲੇ  ਇਨ੍ਹਾਂ ਆਸਤੀਨਾਂ ਦੇ ਸੱਪਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।


ਅੱਜ ਬੁਲਾਰਿਆਂ ਨੇ ਸਰਕਾਰ ਵੱਲੋਂ ਮੌਜੂਦਾ ਕਿਸਾਨ ਅੰਦੋਲਨ ਨੂੰ ਅਮੀਰ ਕਿਸਾਨਾਂ ਦਾ ਅੰਦੋਲਨ ਕਹਿਣ  ਵਾਲੇ ਝੂਠ ਦਾ ਪਰਦਾਫਾਸ਼ ਕੀਤਾ। ਆਗੂਆਂ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਦੋ ਅਰਥ-ਸ਼ਾਸਤਰੀਆਂ ਲਖਵਿੰਦਰ ਸਿੰਘ ਅਤੇ ਬਲਦੇਵ ਸਿੰਘ ਸ਼ੇਰਗਿੱਲ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਛੇ ਸੌ ਤੋਂ ਵੱਧ ਕਿਸਾਨਾਂ ਨੂੰ ਲੈ ਕੇ ਇੱਕ ਅਧਿਐਨ ਕੀਤਾ ਹੈ।


ਇਸ ਅਧਿਐਨ ਵਿਚ ਸਾਹਮਣੇ ਆਇਆ ਕਿ ਅੰਦੋਲਨ ਦੌਰਾਨ ਸ਼ਹੀਦ ਹੋਣ ਕਿਸਾਨਾਂ ਦੀ ਔਸਤ ਜ਼ਮੀਨ ਮਾਲਕੀ 2.94 ਏਕੜ ਸੀ। ਜੇਕਰ ਬੇਜਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਵੀ ਸ਼ਾਮਲ ਕਰ ਲਿਆ ਜਾਵੇ ਤਾਂ ਇਹ ਔਸਤ ਮਾਲਕੀ ਮਹਿਜ 2.26 ਏਕੜ ਹੀ ਰਹਿ ਜਾਂਦੀ ਹੈ। ਸਰਕਾਰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਲਗਾਤਾਰ ਪ੍ਰਚਾਰ ਕਰਦੀ ਆ ਰਹੀ ਹੈ ਕਿ ਇਹ ਅਮੀਰ ਕਿਸਾਨਾਂ ਦਾ ਅੰਦੋਲਨ ਹੈ। ਇਸ ਵਿਗਿਆਨਕ ਅਧਿਐਨ ਨੇ  ਸਰਕਾਰੀ ਝੂਠ ਨੂੰ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ।


ਅੱਜ  ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਲੰਗਰ ਸੇਵਾ ਬਰਨਾਲਾ ਨੇ ਲੰਗਰ ਦੀ ਸੇਵਾ ਨਿਭਾਈ। ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥੇ ਨੇ  ਕਿਸਾਨ ਅੰਦੋਲਨ ਦੇ ਪ੍ਰਸੰਗ ਵਿੱਚ ਬੀਰਰਸੀ ਕਵੀਸ਼ਰੀ ਗਾਇਣ ਕਰਕੇ ਪੰਡਾਲ ਵਿੱਚ ਜੋਸ਼ ਭਰਿਆ।