ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਿੱਖ ਕਤਲੇਆਮ ਕੇਸ ਦੇ ਮੁੱਖ ਮੁਲਜ਼ਮ ਜਗਦੀਸ਼ ਟਾਈਟਲਰ ਦਾ ਸਟਿੰਗ ਵੀਡੀਓ ਜਾਰੀ ਕਰਨ ਦਾ ਦਾਅਵਾ ਕੀਤਾ ਹੈ। ਜੀਕੇ ਨੇ ਦਾਅਵਾ ਕੀਤਾ ਹੈ ਕਿ ਵੀਡੀਓ 'ਚ ਟਾਈਟਲਰ ਨੇ 100 ਸਿੱਖਾਂ ਦੇ ਕਤਲ ਦੀ ਗੱਲ ਕਬੂਲੀ ਹੈ। ਇਹ ਵੀਡੀਓ ਸਾਲ 2011 ਦਾ ਵੀਡੀਓ ਹੈ ਜਿਸ ਦੇ ਰਿਲੀਜ਼ ਹੋਣ ਮਗਰੋਂ ਸਿਆਸਤ ਭਖ ਗਈ ਹੈ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਕਾਂਗਰਸ 'ਤੇ ਨਿਸ਼ਾਨੇ ਸਾਧੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਦਿੱਲੀ ਤੇ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਉਣ ਲਈ ਗਾਂਧੀ ਪਰਿਵਾਰ ਵਿਰੁੱਧ ਕੇਸ ਦਰਜ ਕੀਤਾ ਜਾਵੇ। ਸੁਖਬੀਰ ਨੇ ਕਿਹਾ ਕਿ ਇਹ ਦੋਵੇਂ ਖੁਲਾਸੇ 1984 ਦੇ ਕਤਲੇਆਮ ਵਿੱਚ ਗਾਂਧੀ ਪਰਿਵਾਰ ਦੀ ਸਿੱਧੀ ਸ਼ਮੂਲੀਅਤ ਨੂੰ ਸਾਬਤ ਕਰਦੇ ਹਨ। ਉਨ੍ਹਾਂ ਕਿਹਾ ਕਿ ਟਾਈਟਲਰ ਖ਼ਿਲਾਫ ਅੱਜ ਸਾਹਮਣੇ ਆਇਆ ਵੀਡੀਓ ਦਸੰਬਰ 2011 ਦਾ ਰਿਕਾਰਡ ਕੀਤਾ ਹੋਇਆ ਹੈ। ਟਾਈਟਲਰ ਨੂੰ ਕੇਂਦਰੀ ਮੰਤਰਾਲੇ ਵਿੱਚੋਂ 2009 ਵਿੱਚ ਕੱਢਿਆ ਗਿਆ ਸੀ।

ਉਸ ਵੱਲੋਂ ਇਹ ਸ਼ੇਖੀ ਮਾਰਨਾ ਕਿ ਉਸ ਨੂੰ ਰਾਜ ਸਭਾ ਦੀ ਮੈਂਬਰੀ ਜਾਂ ਦਿੱਲੀ ਦਾ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ, ਇਹ ਗੱਲ ਸਾਬਤ ਕਰਦਾ ਹੈ ਕਿ ਉਸ ਨੂੰ ਗਾਂਧੀ ਪਰਿਵਾਰ ਵੱਲੋਂ ਮੂੰਹ ਨਾ ਖੋਲ੍ਹਣ ਲਈ ਹੀ ਇਹ ਪੇਸ਼ਕਸ਼ਾਂ ਦਿੱਤੀਆਂ ਜਾ ਰਹੀਆਂ ਸਨ। ਹੁਣ ਇਹ ਲਾਜ਼ਮੀ ਬਣਦਾ ਹੈ ਕਿ ਅਦਾਲਤਾਂ ਗਾਂਧੀ ਪਰਿਵਾਰ ਤੋਂ ਪੁੱਛਣ ਕਿ ਜਿਸ ਅਪਰਾਧੀ ਦੇ ਹੱਥਾਂ ਉੱਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਖੂਨ ਲੱਗਿਆ ਹੋਇਆ ਸੀ, ਉਸ ਨੂੰ ਅਜਿਹੇ ਲਾਲਚ ਕਿਉਂ ਦਿੱਤੇ ਜਾ ਰਹੇ ਸਨ?

ਆਮ ਆਦਮੀ ਪਾਰਟੀ ਦੇ ਲੀਡਰ ਗੁਰਮੀਤ ਸਿੰਘ ਮੇਅਰ ਨੇ ਕਿਹਾ ਹੈ ਕਿ ਜੋ ਚੀਜ਼ਾਂ ਜੱਗ ਜਾਹਿਰ ਹੋ ਜਾਂਦੀਆਂ ਹਨ, ਉਨ੍ਹਾਂ ਲਈ ਕਿਸੇ ਸਬੂਤ ਦੀ ਲੋੜ ਨਹੀਂ ਹੁੰਦੀ। ਸਾਰਾ ਦੇਸ਼ ਜਾਣਦਾ ਹੈ ਕਿ ਸਿੱਖਾਂ ਦਾ ਕਤਲੇਆਮ ਕਾਂਗਰਸ ਨੇ ਕਰਵਾਇਆ ਸੀ। ਸਿੱਖ ਦੰਗਾ ਪੀੜਤ ਜਥੇਬੰਦੀ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ ਇਸ ਖੁਲਾਸੇ ਨਾਲ ਸੱਚ ਸਾਹਮਣੇ ਆ ਗਿਆ ਹੈ।