ਤਰਨ ਤਾਰਨ: ਬਾਹਰਲੇ ਸੂਬਿਆਂ ਦੀਆਂ ਗੱਡੀਆਂ ਨੂੰ ਪੰਜਾਬ ਦੇ ਨੰਬਰ ਲਾ ਕੇ ਗ਼ਲਤ ਤਰੀਕੇ ਨਾਲ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਜਾਰੀ ਕਰਵਾਉਣ ਵਾਲੇ ਗਰੋਹ ਦਾ ਪਰਦਾਫਾਸ਼ ਹੋਇਆ ਹੈ। ਇਸ ਕੰਮ ਲਈ ਗਰੋਹ ਨੇ ਐਸਡੀਐਮ ਦਫ਼ਤਰ ਦੇ ਕਲਰਕਾਂ ਤੋਂ ਐਸਡੀਐਮ ਦੀ ਆਈਡੀ ਤੇ ਪਾਸਵਰਡ ਲੈ ਕੇ ਸਰਕਾਰ ਨੂੰ ਲੱਖਾਂ ਦਾ ਰਗੜਾ ਲਾਇਆ।

ਤਰਨ ਤਾਰਨ ਦੇ ਐਸਪੀ (ਡੀ) ਹਰਜੀਤ ਸਿੰਘ ਨੇ ਦੱਸਿਆ ਕਿ ਤਰਨ ਤਾਰਨ ਤੇ ਖਡੂਰ ਸਾਹਿਬ ਸਬ ਡਵੀਜਨ ਦੇ ਐਸਡੀਐਮਜ਼ ਦੀ ਆਈਡੀ ਨੂੰ ਹੈਕ ਕਰ, ਉਨ੍ਹਾਂ ਦੀਆਂ ਜਾਅਲੀ ਮੋਹਰਾਂ ਲਾ ਤੇ ਜਾਅਲੀ ਦਸਤਖ਼ਤ ਕਰਕੇ ਗੱਡੀਆਂ ਦੀਆਂ ਆਰਸੀਜ਼ ਬਦਲੀ ਕੀਤੀਆਂ ਜਾ ਰਹੀਆਂ ਸਨ। ਇਹ ਕੰਮ ਬਗੈਰ ਸਰਕਾਰੀ ਫੀਸ ਅਦਾ ਕੀਤੇ ਤੋਂ ਕੀਤਾ ਜਾ ਰਿਹਾ ਸੀ।

ਤਰਨ ਤਾਰਨ ਦੇ ਐਸਡੀਐਮ ਸੁਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਆਈਡੀ ਹੈਕ ਕਰਕੇ ਵਿਭਾਗ ਦੇ ਕੁਝ ਮੁਲਾਜ਼ਮ ਗ਼ਲਤ ਤਰੀਕੇ ਨਾਲ ਆਰਸੀ ਤਿਆਰ ਕਰ ਰਹੇ ਹਨ। ਇਸ ਦਾ ਪੜਤਾਲ ਕਰਕੇ ਉੱਚ ਅਧਿਕਾਰੀਆਂ ਦੇ ਧਿਆਨ ਮਾਮਲਾ ਲਿਆਂਦਾ ਗਿਆ।

ਜ਼ਿਲ੍ਹੇ ਦੇ ਏਡੀਸੀ ਸੰਦੀਪ ਰਿਸ਼ੀ ਨੇ ਵੀ ਮੰਨਿਆ ਕਿ ਦੋ ਸਬ ਡਵੀਜ਼ਨਾਂ ਵਿੱਚ ਵੱਡੀ ਗਿਣਤੀ ਗੱਡੀਆਂ 'ਚ ਗ਼ਲਤ ਤਰੀਕੇ ਨਾਲ ਆਰਸੀ ਬਣਾ ਕੇ ਗੱਡੀਆਂ ਵੇਚੀਆਂ ਜਾ ਰਹੀਆਂ ਸਨ। ਪੁਲਿਸ ਨੇ ਐਸਡੀਐਮ ਤਰਨ ਤਾਰਨ ਤੇ ਖਡੂਰ ਸਾਹਿਬ ਦਫ਼ਤਰ ਦੇ ਮੁਲਾਜ਼ਮਾਂ ਨੂੰ ਨਾਮਜ਼ਦ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।