ਜਲੰਧਰ: ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ ਫੋਕਲ ਪੁਆਇੰਟ ਦੇ ਫਲਾਈਓਵਰ ‘ਤੇ ਬੁੱਧਵਾਰ ਦੇਰ ਰਾਤ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਆਵਾਰਾ ਪਸ਼ੂ ਅਚਾਨਕ ਗੱਡੀ ਸਾਹਮਣੇ ਆ ਗਿਆ। ਇਸ ਟੱਕਰ ਤੋਂ ਬਾਅਦ ਗੱਡੀ ਖੰਬੇ ਨਾਲ ਟਕਰਾ ਗਈ ਜਿਸ ‘ਚ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।


ਹਾਸਲ ਜਾਣਕਾਰੀ ਮੁਤਾਬਕ ਗੁਰਕਿਰਨਦੀਪ ਕੌਰ ਤੇ ਗਗਨ ਆਪਣੇ ਕਿਸੇ ਰਿਸ਼ਤੇਦਾਰ ਦੇ ਘਰੋਂ ਅੰਮ੍ਰਿਤਸਰ ਤੋਂ ਆ ਰਹੇ ਸੀ ਕਿ ਫਲਾਈਓਵਰ ‘ਤੇ ਹਨ੍ਹੇਰਾ ਹੋਣ ਕਾਰਨ ਉਨ੍ਹਾਂ ਨੂੰ ਸਾਹਮਣੇ ਤੋਂ ਆ ਰਿਹਾ ਆਵਾਰਾ ਪਸ਼ੂ ਦਿਖਾਈ ਨਹੀਂ ਦਿੱਤਾ। ਉਨ੍ਹਾਂ ਦੀ ਆਈ10 ਗੱਡੀ ਪਸ਼ੂ ਨਾਲ ਟਕਰਾਉਣ ਤੋਂ ਬਾਅਦ ਨਾਲ ਦੇ ਥਮਲੇ ਨਾਲ ਵੀ ਟਕਰਾ ਗਈ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਨਾਲ ਮੌਜੂਦ ਰਿਸ਼ਤੇਦਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਮੌਕੇ ‘ਤੇ ਮੌਜੂਦ ਇੱਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਇਸ ਥਾਂ ਦੀ ਹਾਈਵੇ ਲਾਈਟਾਂ ਅਕਸਰ ਹੀ ਬੰਦ ਰਹਿੰਦੀਆਂ ਹਨ। ਆਵਾਰਾ ਪਸ਼ੂ ਹਾਈਵੇਅ ‘ਤੇ ਘੁੰਮਦੇ ਰਹਿੰਦੇ ਹਨ ਜਿਸ ਕਰਕੇ ਆਏ ਦਿਨ ਵੱਡੇ ਹਾਦਸੇ ਹੁੰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਵਧੇਰੇ ਵਾਰ ਨਗਰ ਨਿਗਮ ਤੇ ਗੌਸ਼ਾਲਾ ਵਾਲਿਆਂ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਕਿਸੇ ਵੱਲੋਂ ਕੋਈ ਕਦਮ ਨਹੀ ਚੁੱਕਿਆ ਜਾ ਰਿਹਾ।