ਬਠਿੰਡਾ: ਇਲਾਕੇ ਵਿੱਚ ਸੇਮ, ਮੀਂਹ ਦੇ ਖੜ੍ਹੇ ਪਾਣੀ ਅਤੇ ਰਜਬਾਹਿਆਂ 'ਚ ਪਏ ਪਾੜ ਕਾਰਨ ਪੈਦਾ ਹੋਏ ਹੜ੍ਹ ਵਰਗੇ ਹਾਲਾਤ 'ਤੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਤੁਰੰਤ ਅਹੁਦੇ ਤੋਂ ਹਟਾਉਣ ਲਈ ਵੀ ਆਖਿਆ।


ਉਨ੍ਹਾਂ ਬਠਿੰਡਾ ਵਿੱਚ ਆਏ ਹੜ੍ਹ ਲਈ ਵਿੱਤ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਸ ਨੇ ਹੇਠਲੇ ਇਲਾਕਿਆਂ ਵਿਚੋਂ ਪਾਣੀ ਬਾਹਰ ਕੱਢਣ ਦੀ ਸਮਰੱਥਾ ਦੁੱਗਣੀ ਕਰਨ ਵਾਸਤੇ ਸ਼ੁਰੂ ਕੀਤੀ ਸਲੱਜ ਕੈਰੀਅਰ ਲਾਇਨ ਦਾ ਕੰਮ ਰੁਕਵਾ ਦਿੱਤਾ ਸੀ, ਇਸ ਤੋਂ ਇਲਾਵਾ ਉਸ ਨੇ ਨਾ ਸਿਰਫ ਮਿਊਂਸੀਪਲ ਕਾਰਪੋਰੇਸ਼ਨ ਨੂੰ ਫੰਡ ਦੇਣ ਤੋਂ ਹੱਥ ਖਿੱਚਿਆ, ਸਗੋਂ ਕਾਰਪੋਰੇਸ਼ਨ ਦੇ ਫੰਡਾਂ ਨੂੰ ਵੀ ਇੰਪਰੂਵਮੈਂਟ ਟਰੱਸਟ ਵਾਸਤੇ ਇਸਤੇਮਾਲ ਕੀਤਾ।

ਬਾਦਲ ਨੇ ਕਿਹਾ ਕਿ ਕਾਰਪੋਰੇਸ਼ਨ ਦਾ ਕੰਮ ਇਸ ਕਰਕੇ ਵੀ ਰੁਕਿਆ, ਕਿਉਂਕਿ ਵਿੱਤ ਮੰਤਰੀ ਨੇ ਸੀਵਰੇਜ ਨਾਲਿਆਂ ਦੀ ਸਫਾਈ ਅਤੇ ਮੁਰੰਮਤ ਲਈ ਵੀ ਫੰਡ ਜਾਰੀ ਨਹੀਂ ਕੀਤੇ। ਕਾਰਪੋਰੇਸ਼ਨ ਨੂੰ ਕੇਂਦਰੀ ਸ਼ਹਿਰੀ ਨਵੀਨੀਕਰਨ ਮਿਸ਼ਨ ਦੇ ਬਕਾਇਆ 16 ਕਰੋੜ ਰੁਪਏ ਮਿਲਣੇ ਸਨ, ਪਰ ਇਹ ਫੰਡ ਵੀ ਕਾਰਪੋਰੇਸ਼ਨ ਨੂੰ ਨਹੀਂ ਦਿੱਤੇ ਗਏ ਅਤੇ ਵਿੱਤ ਮੰਤਰੀ ਨੇ ਇਹ ਫੰਡ ਇੰਪਰੂਵਮੈਂਟ ਟਰੱਸਟ ਨੂੰ ਜਾਰੀ ਕਰ ਦਿੱਤੇ।

ਹਰਸਿਮਰਤ ਬਾਦਲ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਕਰਨ ਵਾਸਤੇ ਗੰਦੇ ਨਾਲੇ ਦੀ ਇੱਕ ਨਵੀਂ ਲਾਇਨ ਪਾਉਣ ਤੋਂ ਇਲਾਵਾ 16 ਨਵੇਂ ਇਲਾਕਿਆਂ ਵਿਚ 5 ਹਜ਼ਾਰ ਘਰਾਂ ਨੂੰ ਸੀਵਰੇਜ ਦੀ ਸਹੂਲਤ ਦੇਣ ਲਈ ਏਐਮਆਰਯੂਟੀ ਸਕੀਮ ਤਹਿਤ ਐਨਡੀਏ ਸਰਕਾਰ 48 ਕਰੋੜ ਰੁਪਏ ਦੀ ਰਾਸ਼ੀ ਦੀ ਪ੍ਰਵਾਨਗੀ ਦੇ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਤੁਰੰਤ ਸ਼ੁਰੂ ਕਰਨ ਲਈ ਸੂਬਾ ਸਰਕਾਰ ਨੂੰ ਕੇਂਦਰੀ ਪ੍ਰਾਜੈਕਟ ਵਿੱਚ ਆਪਣੀ 30 ਫੀਸਦੀ ਹਿੱਸੇਦਾਰੀ ਪਾਉਣੀ ਚਾਹੀਦੀ ਹੈ।