ਚੰਡੀਗੜ੍ਹ: ਬੇਅਦਬੀ ਮਾਮਲਿਆਂ 'ਚ ਨਾਂਅ ਆਉਣ ਤੋਂ ਬਾਅਦ ਅੱਜ ਪੂਰੇ ਪੰਜਾਬ ਵਿੱਚ ਧਰਨੇ ਪ੍ਰਦਰਸ਼ਨਾਂ ਦਾ ਦਿਨ ਐਲਾਨਿਆ ਗਿਆ ਹੈ। ਜਿੱਥੇ ਆਮ ਆਦਮੀ ਪਾਰਟੀ ਅਕਾਲੀ ਦਲ ਖਿਲਾਫ਼ ਰੋਸ ਪ੍ਰਦਰਸ਼ਨ ਜਾਰੀ ਹੈ, ਉੱਥੇ ਹੀ ਅਕਾਲੀ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਖਿਲਾਫ ਕਾਂਗਰਸ ਵਿਰੁੱਧ ਪੁਤਲਾ ਫੂਕ ਮੁਜ਼ਾਹਰਾ ਕਰਨਗੇ। ਆਮ ਆਦਮੀ ਪਾਰਟੀ ਦੇ ਸੁਖਪਾਲ ਖਹਿਰਾ ਧੜੇ ਵੱਲੋਂ ਫਰੀਦਕੋਟ ਦੇ ਕਸਬਾ ਸਾਦਿਕ ਵਿਚ 11 ਵਜੇ ਅਕਾਲੀ ਦਲ ਦਾ ਪੁਤਲਾ ਫੂਕਿਆ ਜਾਵੇਗਾ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਅਕਾਲੀ ਦਲ ਵੱਲੋਂ ਅੱਜ 11 ਵਜੇ ਹੁੱਕੀ ਵਾਲਾ ਚੌਕ, ਫਰੀਦਕੋਟ ਵਿਖੇ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੇ ਖਿਲਾਫ਼ ਰੋਸ ਵਜੋਂ ਧਰਨਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਪੁਤਲੇ ਫੂਕੇ ਜਾਣਗੇ।
ਹਾਲਾਤ ਦੇ ਮੱਦੇਨਜ਼ਰ ਸੁਰੱਖਿਆਂ ਨੂੰ ਦੇਖਦਿਆਂ ਪੰਜਾਬ ਪੁਲਿਸ ਵੱਲੋਂ ਵਿਸ਼ੇਸ਼ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪੁਲਿਸ ਨੇ ਦੋਵਾਂ ਧਿਰਾਂ ਦਰਮਿਆਨ ਝੜਪਾਂ ਦੀ ਸੰਭਾਵਨਾ ਦੇਖਦਿਆਂ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੁਲਿਸ ਨੇ ਹਰ ਤਿਆਰੀ ਕੀਤੀ ਹੋਈ ਹੈ।
ਜ਼ਿਕਰਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਬੇਅਦਬੀ ਮਾਮਲਿਆਂ 'ਚ ਅਕਾਲੀ ਦਲ ਦੀ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਅਕਾਲੀਆਂ ਦਾ ਤਿੱਖਾ ਵਿਰੋਧ ਹੋ ਰਿਹਾ ਹੈ। ਵੱਖ-ਵੱਖ ਥਾਈਂ ਜਿੱਥੇ ਅਕਾਲੀ ਦਲ ਖਿਲਾਫ ਰੋਸ ਪ੍ਰਦਰਸ਼ਨ ਹੋ ਰਹੇ ਹਨ, ਰੋਹ 'ਚ ਆਏ ਲੋਕਾਂ ਵੱਲੋਂ ਅਕਾਲੀ ਦਲ ਦੇ ਪੁਤਲੇ ਫੂਕੇ ਜਾ ਰਹੇ ਹਨ ਉੱਥੇ ਹੀ ਪਿੰਡਾਂ 'ਚ ਗੁਰਦੁਆਰਿਆਂ 'ਚ ਅਨਾਊਂਸਮੈਂਟਾਂ ਰਾਹੀ ਅਕਾਲੀਆਂ ਦੇ ਬਾਈਕਾਟ ਦੇ ਹੋਕੇ ਦਿੱਤੇ ਜਾ ਰਹੇ ਹਨ।