Punjab News: ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰੀ ਦੇ ਮੁਲਜ਼ਮਾਂ ਦੇ ਘਰ ਢਾਹੁਣ ਦੀ ਛੇੜੀ ਮੁਹਿੰਮ ਵਿਰੁੱਧ ਰਾਜ ਸਭਾ ਮੈਂਬਰ ਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ 'ਯੁੱਧ ਨਸ਼ਿਆਂ ਵਿਰੱਧ' ਮੁਹਿੰਮ ਸਬੰਧੀ ਪਾਰਟੀ ਦੀ ਵਿਚਾਰਧਾਰਾ ਤੋਂ ਵੱਖਰਾ ਬਿਆਨ ਦਿੱਤਾ ਸੀ ਪਰ ਹੁਣ ਉਨ੍ਹਾਂ ਵੱਲੋਂ ਆਪਣੇ ਬਿਆਨ ਤੋਂ ਯੂਟਰਨ ਲਿਆ ਗਿਆ ਹੈ।  ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ?



ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਮੈਂ ਇਹ ਸਾਫ ਕਰ ਦਿਆ ਕਿ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੀ ਪਹਿਲੀ ਸਰਕਾਰ ਹੈ ਜੋ ਨਸ਼ਿਆਂ ਦੇ ਤਸਕਰਾਂ ਵਿਰੁੱਧ ਇੰਨੀ ਸਖ਼ਤ ਕਾਰਵਾਈ ਕਰ ਰਹੀ ਹੈ। ਮੈਂ ਪੰਜਾਬ ਪੁਲਿਸ ਅਤੇ ਸਰਕਾਰ ਦੇ ਪੂਰੇ ਸਮਰਥਨ ਵਿੱਚ ਖੜ੍ਹਾ ਹਾਂ। ਅੰਤ ਵਿੱਚ ਸਾਡੇ ਕੋਲ ਇੱਕ ਅਜਿਹੀ ਸਰਕਾਰ ਹੈ ਜੋ ਨਸ਼ਿਆਂ ਦੇ ਖਾਤਮੇ ਲਈ ਗੰਭੀਰ ਹੈ ਤੇ ਸੁਨੇਹਾ ਸਪੱਸ਼ਟ ਹੈ। ਇਕੱਠੇ ਮਿਲ ਕੇ ਅਸੀਂ ਨਸ਼ਿਆਂ ਵਿਰੁੱਧ ਇਹ ਜੰਗ ਜਿੱਤਾਂਗੇ। ਆਓ ਆਪਣੇ ਮਹਾਨ ਰਾਜ ਨੂੰ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਮੁਕਤ ਬਣਾਈਏ।






ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਹਰਭਜਨ ਸਿੰਘ ਨੇ ਕਿਹਾ ਸੀ ਕਿ ਜੇਕਰ ਕੋਈ ਨਸ਼ੇ ਵੇਚਦਾ ਹੈ ਤਾਂ ਉਸ ਦਾ ਘਰ ਢਾਹ ਦਿਓ। ਮੈਂ ਇਸ ਦੇ ਹੱਕ ਵਿੱਚ ਨਹੀਂ ਹਾਂ। ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਕਿਹਾ ਕਿ ਜੋ ਚੀਜ਼ ਬਣੀ ਹੋਈ ਹੈ। ਕਿਸੇ ਦੇ ਸਿਰ 'ਤੇ ਛੱਤ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਘਰ ਨੂੰ ਢਾਹੁਣਾ ਇੱਕ ਸਹੀ ਵਿਕਲਪ ਨਹੀਂ ਹੈ। ਇਸ 'ਤੇ ਕਿਸੇ ਹੋਰ ਚੀਜ਼ ਵਾਂਗ ਕੰਮ ਕੀਤਾ ਜਾ ਸਕਦਾ ਹੈ। ਜੇਕਰ ਕੋਈ ਸਰਕਾਰੀ ਜ਼ਮੀਨ 'ਤੇ ਕਾਬਜ਼ ਹੈ ਤਾਂ ਅਜਿਹੀ ਕਾਰਵਾਈ ਜਾਇਜ਼ ਹੈ।



ਪੰਜਾਬ ਤੋਂ ਰਾਜ ਸਭਾ ਮੈਂਬਰ ਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਅੱਗੇ ਕਿਹਾ ਕਿ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਜੇਕਰ ਕਿਸੇ ਨੇ ਘਰ ਬਣਾਇਆ ਹੈ ਤਾਂ ਉਸ ਨੂੰ ਉਸ ਘਰ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ। ਘਰ ਢਾਹੁਣਾ ਇੱਕ ਚੰਗਾ ਵਿਕਲਪ ਨਹੀਂ। ਕਿਸੇ ਵਿਅਕਤੀ ਨੇ ਪਤਾ ਨਹੀਂ ਕਿਵੇਂ ਘਰ ਬਣਾਇਆ ਹੋਵੇਗਾ।


ਅਹਿਮ ਗੱਲ਼ ਹੈ ਕਿ ਹਰਭਜਨ ਸਿੰਘ ਦਾ ਇਹ ਬਿਆਨ ਠੀਕ ਉਸੇ ਵੇਲੇ ਆਇਆ ਸੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਸਪਰੀਮੋ ਅਰਵਿੰਦ ਕੇਜਰੀਵਾਲ ਦੇ ਹਾਜ਼ਾਰੀ ਵਿੱਚ ਐਲਾਨ ਕੀਤਾ ਕਿ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਾਪ ਦੀ ਕਮਾਈ ਨਾਲ ਬਣਾਏ ਮਹਿਲ ਢਹਿ-ਢੇਰੀ ਹੋਣਗੇ। ਹਾਲਾਂਕਿ ਹੁਣ ਹਰਭਜਨ ਸਿੰਘ ਵੱਲੋਂ ਕਿਤੇ ਨਾ ਕਿਤੇ ਇਸ ਨੂੰ ਲੈ ਕੇ ਯੂਟਰਨ ਲੈ ਲਿਆ ਗਿਆ ਹੈ।