ਟੋਲ ਪਲਾਜ਼ਿਆਂ 'ਤੇ ਡ੍ਰੋਨ ਨਾਲ ਰਹੇਗੀ ਸਰਕਾਰ ਦੀ ਅੱਖ
ਏਬੀਪੀ ਸਾਂਝਾ | 31 May 2018 05:05 PM (IST)
ਚੰਡੀਗੜ੍ਹ: ਟੋਲ ਪਲਾਜ਼ਿਆਂ 'ਤੇ ਲੋਕਾਂ ਦੀ ਪ੍ਰੇਸ਼ਾਨੀ ਦਾ ਸਰਕਾਰ ਖਿਆਲ ਰੱਖੇਗੀ। ਲੋਕ ਨਿਰਮਾਣ ਮੰਤਰੀ ਵਿਜੈ ਸਿੰਗਲਾ ਨੇ ਦੱਸਿਆ ਕਿ ਟੋਲ ਪਲਾਜ਼ਿਆਂ 'ਤੇ ਟਰੈਫਿਕ ਸਬੰਧੀ ਮੁਸ਼ਕਲਾਂ ਤੇ ਵਾਹਨਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਵੀਡੀਓ ਨਿਗਰਾਨੀ ਕਰਨ ਲਈ ਡ੍ਰੋਨ ਦੀ ਵਰਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਾਰੇ ਵੱਡੇ ਟੋਲ ਪਲਾਜ਼ਿਆਂ 'ਤੇ ਵਾਹਨਾਂ ਦੇ ਭੀੜ-ਭੜੱਕੇ ਨੂੰ ਕੰਟਰੋਲ ਕਰਨ ਲਈ ਮੈਪਿੰਗ ਤਕਨੀਕ ਦਾ ਸਹਾਰਾ ਵੀ ਲਿਆ ਜਾਵੇਗਾ। ਸਿੰਗਲਾ ਨੇ ਕਿਹਾ ਕਿ ਤਕਨੀਕੀ ਰੂਪ ਵਿੱਚ ਕਿਸੇ ਵੀ ਟੋਲ ਪਲਾਜ਼ਾ ਦੀ ਸਮਰੱਥਾ ਦਾ ਅਨੁਮਾਨ ਉੱਥੇ ਲੱਗਣ ਵਾਲੀ ਕਤਾਰ ਤੇ ਇੰਤਜ਼ਾਰ ਕਰਨ ਦੇ ਸਮੇਂ ਤੋਂ ਲਾਇਆ ਜਾਂਦਾ ਹੈ। ਕਈ ਵਾਰ ਜਦੋਂ ਵਾਹਨਾਂ ਦੀ ਗਿਣਤੀ ਬਹੁਤ ਵਧ ਜਾਂਦੀ ਹੈ ਤਾਂ ਇਸ ਕਾਰਨ ਵਧੀਆ ਸੜਕਾਂ ਹੋਣ ਦੇ ਬਾਵਜੂਦ ਟੋਲ ਪਲਾਜ਼ਿਆਂ 'ਤੇ ਆਵਾਜਾਈ ਦੀ ਗਤੀ ਮੱਧਮ ਹੋ ਜਾਂਦੀ ਹੈ। ਇਸ ਕਾਰਨ ਡ੍ਰੋਨ ਤਕਨੀਕ ਦੀ ਵਰਤੋਂ ਨਾਲ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਲਾਉਣ ਦੀ ਕੋਸ਼ਿਸ਼ ਕਰਨ 'ਤੇ ਗੰਭੀਰ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦਾ ਮਕਸਦ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਕਰਨਾ ਅਤੇ ਰਾਜ ਮਾਰਗਾਂ 'ਤੇ ਆਵਾਜਾਈ ਵਿਵਸਥਾ ਨੂੰ ਸੁਚਾਰੂ ਕਰਨਾ ਹੈ। ਟੋਲ ਪਲਾਜ਼ਿਆਂ 'ਤੇ ਲੰਬੀਆਂ ਕਤਾਰਾਂ ਤੇ ਟੋਲ ਪਲਾਜ਼ਿਆਂ ਦੇ ਕਰਮਚਾਰੀਆਂ ਵੱਲੋਂ ਦੁਰ-ਵਿਹਾਰ ਸਬੰਧੀ ਸ਼ਿਕਾਇਤਾਂ ਦੇ ਸੁਝਾਅ ਲਈ ਸੂਬੇ ਦੇ ਟੋਲ ਪਲਾਜ਼ਾ ਆਪਰੇਟਰਾਂ ਤੇ ਕੌਮੀ ਰਾਜ ਮਾਰਗ ਅਥਾਰਟੀ ਦੇ ਅਧਿਕਾਰੀਆਂ ਵਿੱਚ ਵਿਸ਼ੇਸ਼ ਮੀਟਿੰਗ ਕਰਵਾਈ ਗਈ ਸੀ। ਇਸ ਵਿੱਚ ਹਿੱਸਾ ਲੈਣ ਵਾਲੇ ਟੋਲ ਪਲਾਜ਼ਾ ਆਪਰੇਟਰ ਕੌਮੀ ਰਾਜ ਮਾਰਗਾਂ 'ਤੇ 15 ਤੇ ਸੂਬੇ ਦੀਆਂ ਸੜਕਾਂ 'ਤੇ 23 ਟੋਲ ਪਲਾਜ਼ਿਆਂ ਦਾ ਸੰਚਾਲਨ ਕਰਦੇ ਹਨ। ਸਿੰਗਲਾ ਨੇ ਲੰਬੀਆਂ ਕਤਾਰਾਂ ਅਤੇ ਭੀੜ-ਭੜੱਕੇ ਦੇ ਕਾਰਨ ਟੋਲ ਪਲਾਜ਼ਿਆਂ 'ਤੇ ਲੋਕਾਂ ਨੂੰ ਹੋਣ ਵਾਲੀ ਦੇਰੀ ਤੇ ਉਨ੍ਹਾਂ ਦੇ ਕੀਮਤੀ ਸਮੇਂ ਦੀ ਬਰਬਾਦੀ 'ਤੇ ਚਿੰਤਾ ਜ਼ਾਹਿਰ ਕਰਦਿਆਂ ਸੂਬੇ ਦੇ ਟੋਲ ਪਲਾਜ਼ਾ ਆਪਰੇਟਰਾਂ ਨੂੰ 30 ਦਿਨਾਂ ਵਿੱਚ ਆਪਣੀਆਂ ਸੇਵਾਵਾਂ ਵਿੱਚ ਵਿਆਪਕ ਸੁਧਾਰ ਕਰਨ ਤੇ ਆਪਣੇ ਸਮਝੌਤੇ ਦੀਆਂ ਸ਼ਰਤਾਂ ਦੇ ਅਨੁਸਾਰ ਟੋਲ ਪਲਾਜ਼ਿਆਂ 'ਤੇ ਸਮੁੱਚੀ ਜਨ-ਹਿਤਕਾਰੀ ਸਹੂਲਤਾਂ ਦੇਣ ਦਾ ਆਦੇਸ਼ ਦਿੱਤਾ ਜਿਸ ਵਿੱਚ ਸਾਰੀਆਂ ਸਹੂਲਤਾਵਾਂ ਨਾਲ ਲੈਸ ਐਂਬੂਲੈਂਸ, ਰਿਕਵਰੀ ਵੈਨ, ਪੀਣ ਦਾ ਪਾਣੀ, ਰੌਸ਼ਨੀ ਦੀ ਵਿਵਸਥਾ, ਦਿਸ਼ਾ ਸੂਚਕ ਬੋਰਡ ਤੇ ਪਖਾਨੇ ਦੀਆਂ ਸੁਵਿਧਾਵਾਂ ਸ਼ਾਮਲ ਹਨ।