Punjab Drugs: ਫਿਰੋਜ਼ਪੁਰ ਵਿੱਚ ਦੇਰ ਰਾਤ ਬੀਐਸਐਫ ਅਤੇ ਪਿੰਡ ਵਾਸੀਆ ਵੱਲੋ ਇੱਕ ਸਫਿਟ ਕਾਰ ਨੂੰ ਰੋਕ ਕੇ ਕਾਰ ਦੇ ਬੋਨਟ 'ਚ ਲੁਕੋ ਕੇ ਲਿਆਂਦੀ ਜਾ ਰਹੀ 2 ਪੈਕੇਟ ਹੈਰੋਇਨ ਬਰਾਮਦ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਵਾਲਿਆਂ ਉੱਤੇ ਤਸਕਰੀ ਦੇ ਇਲਜ਼ਾਮ ਲਾਏ ਜਾ ਰਹੇ ਸੀ। ਹੁਣ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਟਵੀਟ ਕਰ ਜਾਣਕਾਰੀ ਦਿਤੀ ਹੈ। ਉਨ੍ਹਾਂ ਕਿਹਾ ਕਿ ਇਹ ਹੈਰਇਨ ਪੰਜਾਬ ਪੁਲਿਸ ਤੇ ਬੀਐਸਐਫ਼ ਵੱਲੋਂ ਤਸਕਰਾਂ ਤੋਂ ਰਿਕਵਰ ਕੀਤੀ ਗਈ ਸੀ।
ਬੀਐਸਐਫ ਅਤੇ ਐਸਐਸਓਸੀ ਫਾਜ਼ਿਲਕਾ ਨੇ ਜਲੰਧਰ ਦਿਹਾਤੀ ਪੁਲਿਸ ਦੁਆਰਾ ਸਾਂਝੇ ਕੀਤੇ ਗਏ ਇਨਪੁਟ 'ਤੇ ਕਾਰਵਾਈ ਕਰਦਿਆਂ 1.710 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮਲਕੀਤ ਕਾਲੀ ਅਤੇ ਉਸ ਦੇ ਸਾਥੀਆਂ ਦੇ ਕਬਜ਼ੇ 'ਚੋਂ ਹੁਣ ਤੱਕ 24.710 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ। ਐਸ.ਐਸ.ਓ.ਸੀ ਫਾਜ਼ਿਲਕਾ ਵਿਖੇ ਐਫ.ਆਈ.ਆਰ ਦਰਜ ਕੀਤੀ ਗਈ ਹੈ
ਜ਼ਿਕਰ ਕਰ ਦਈਏ ਕਿ ਸਰਹੱਦੀ ਪਿੰਡ ਵਿੱਚ ਦੋ ਪੁਲਿਸ ਵਾਲਿਆਂ ਨੂੰ ਕਾਰ ਵਿੱਚ ਹੈਰੋਇਨ ਲਜਾ ਰਹੇ ਪਿੰਡ ਵਾਲਿਆਂ ਤੇ ਬੀਐਸਐਫ਼ ਨੇ ਸਾਂਝੇ ਤੌਰ ਉੱਤੇ ਫੜ੍ਹਿਆ ਸੀ। ਜਿਸ ਤੋਂ ਬਾਅਦ ਇਨ੍ਹਾਂ ਨੂੰ ਬੀਐਸਐਫ਼ ਚੌਕੀ ਲਜਾ ਕੇ ਪੁੱਛਗਿੱਛ ਕੀਤੀ ਗਈ ਜਿਸ ਮੌਕੇ ਪੁਲਿਸ ਅਧਿਕਾਰੀ ਵੀ ਮੌਜੂਦ ਸਨ। ਜਾਣਕਾਰੀ ਮੁਤਾਬਕ, ਪਿੰਡ ਵਾਲਿਆਂ ਨੇ ਬੀਐਸਐਫ਼ ਨੂੰ ਸੂਹ ਦਿੱਤੀ ਸੀ ਪੁਲਿਸ ਦੀ ਵਰਦੀ ਪਾਏ ਹੋਏ ਦੋ ਵਿਅਕਤੀ ਕਾਰ ਦੀ ਬੋਨਟ ਵਿੱਚ ਹੈਰੋਇਨ ਲਕੋ ਕੇ ਲਜਾ ਰਹੇ ਹਨ ਜਿਸ ਉੱਤੇ ਕਾਰਵਾਈ ਕਰਦਿਆਂ ਹੋਇਆਂ ਬੀਐਸਐਫ਼ ਨੇ ਨਾਕਾ ਲਾ ਕੇ ਉਨ੍ਹਾਂ ਨੂੰ ਫੜ੍ਹਿਆ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਇਸ ਵਿੱਚ ਪੁਲਿਸ ਦਾ ਏਐਸਆਈ ਤੇ ਇੱਕ ਹਵਲਦਾਰ ਜਲੰਧਰ ਤੋਂ ਪ੍ਰਾਈਵੇਟ ਕਾਰ ਵਿੱਚ ਸਵਾਰ ਹੋ ਕੇ ਆਏ ਸੀ ਤੇ ਇਨ੍ਹਾਂ ਉੱਤੇ ਇਲਜ਼ਾਮ ਸੀ ਇਹ ਕਾਰ ਵਿੱਚ ਹੈਰੋਇਨ ਲੁਕੋ ਕੇ ਲਜਾ ਰਹੇ ਹਨ। ਹਾਲਾਂਕਿ ਇਸ ਨੂੰ ਪੰਜਾਬ ਪੁਲਿਸ ਵੱਲੋਂ ਹੁਣ ਰਿਕਵਰੀ ਦਾ ਨਾਂਅ ਦਿੱਤਾ ਜਾ ਰਿਹਾ ਹੈ।
ਇੱਥੇ ਇਹ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਕਾਰਵਾਈ ਦੂਜੇ ਜ਼ਿਲ੍ਹੇ ਦੀ ਪੁਲਿਸ ਨੇ ਕੀਤੀ ਹੈ ਤੇ ਉਹ ਹੈਰੋਇਨ ਦੀ ਰਿਕਵਰੀ ਕਰਕੇ ਲਜਾ ਰਹੇ ਸੀ ਤਾਂ ਫਿਰ ਉਨ੍ਹਾਂ ਨੂੰ ਇਸ ਨੂੰ ਲੁਕਾਉਣ ਦੀ ਕੀ ਜ਼ਰੂਰਤ ਸੀ ?